ਜਣਿਆ,
ਓ ਜਣਿਆ,
ਸਤ ਫੁੱਟੇ ਸ਼ਤੀਰ ਜਿੱਡਾ ਤੇਰਾ ਜੁੱਸਾ,
ਖਰਾਸ ਦੇ ਪੁੜ ਜਿੱਡੀ ਤੇਰੀ ਛਾਤੀ,
ਨਾੜਾਂ ਕਿਰਲੀਆਂ ਵਾਂਗ ਖੜੀਆਂ ਤੇਰੇ ਗਾਟੇ ਦੀਆਂ,
ਉਤੇ ਹਦਵਾਨੇ ਜਿੱਡਾ ਇਕ ਸਿਰ ।
ਇਸ ਜਿਸਮ ਜੁੱਸੇ ਅੰਦਰ,
ਕੁਝ ਜਾਨ ਵੀ ਹੈ ਈ,
ਜਾਨ ਵਿਚ ਜਵਾਨੀ,
ਜਵਾਨੀ ਵਿਚ ਚਾਅ-
ਹੋਣ ਦਾ, ਥੀਨ ਦਾ, ਜਿਊਣ ਦਾ ?
ਇਸ ਚੌੜੀ ਛਾਤੀ ਅੰਦਰ,
ਕੋਈ ਦਿਲ ਵੀ ਹੈ ਈ,
ਦਿਲ ਅੰਦਰ ਦਰਦ,
ਦਰਦ ਅੰਦਰ ਸ਼ਿੱਦਤ-
ਦੁੱਖ ਨੂੰ ਦੇਖ ਕੁਝ ਕੁਝ ਹੋਵੀਣ ਦੀ, ਦਰਦੀਣ ਦੀ, ਤੜਫੀਣ ਦੀ ?
ਇਹਨਾਂ ਨਾੜਾਂ ਮੋਟੀਆਂ ਵਿਚ,
ਕੁਝ ਖੂਨ ਵੀ ਹੈ ਈ,
ਖੂਨ ਵਿਚ ਹਰਕਤ,
ਹਰਕਤ ਵਿਚ ਗਰਮੀ-
ਮੇਲਾਂ ਦੀ, ਮਿਲਣੀਆਂ ਦੀ, ਮਿਲ-ਬਹਿਣੀਆਂ ਦੀ,
ਇਸ ਝੇਂਜਾਂ ਦੀ, ਢੀਠਾਂ ਦੀ ਦੁਨੀਆਂ ਨੂੰ ਰਤਾ ਉਚਿਆਣ ਦੀ ?