

ਜੇਠ ਦੇ ਦਿਨ, ਸਿਖਰ ਦੁਪਹਿਰਾਂ, ਪੰਜਾਬ ਦੀਆਂ,
ਇੱਲਾਂ ਚੜ੍ਹੀਆਂ, ਉੱਚੀਆਂ, ਅਸਮਾਨੀਂ, ਕਾਂ ਅੱਖ ਨਿਕਲਦੀ,
ਭੱਠ ਤਪਣ, ਲੋਆਂ ਵਗਣ, ਵਿਰੋਲੇ ਉਡਣ ਤੇ ਹਨੇਰੀਆਂ,
ਦੋਜ਼ਖਾਂ ਦੀ ਅੱਗ ਵਸਦੀ, ਗਰਮੀ ਆਖੇ ਮੈਂ ਮੁੜ ਨਾ ਪੈਣਾ ।
ਕੱਚੀ ਸੜਕ, ਘੱਟਾ ਮਿੱਟੀ, ਰਤਾ ਲਾਂਭੇ ਇਕ ਨਿਕਾ ਜਿਹਾ ਪਿੰਡ,
ਪਿੰਡ ਵਿਚਕਾਰੇ, ਇਕ ਉੱਚਾ ਪਿੱਪਲ, ਵੱਡਾ ਘੇਰ ਇਸ ਪਿੱਪਲ ਦਾ,
ਪਿੱਪਲ ਹੇਠਾਂ ਇਕ ਮੇਲਾ ਲੱਗਾ-
ਬਾਂਦਰ ਦਾ ਤਮਾਸ਼ਾ, ਪਿੰਡ ਹੋਇਆ ਇਕੱਠਾ ਸਾਰਾ ।
ਵੇਖਣ ਤਮਾਸ਼ਾ, ਬੱਚੇ ਬੁੱਢੇ, ਕੁੜੀਆਂ ਮੁੰਡੇ, ਹੱਸ ਹੱਸ,
ਬੁਢੇ ਬੈਠੇ ਮੰਜੀਆਂ ਤੇ, ਬੱਚੇ ਨੰਗ ਮੁਨੰਗੇ ਭੁੰਞੇ,
ਜਵਾਨ ਗੱਭਰੂ ਖਲੋਤੇ, ਘੇਰਾ ਘੱਤੀ, ਢਾਕਾਂ ਤੇ ਹਥ ਧਰੀ,
ਵਟ ਨਾ ਲਗਦਾ ਇਨ੍ਹਾਂ ਨੂੰ, ਨਾ ਗਰਮੀ, ਤਮਾਸ਼ੇ ਦਾ ਚਾਅ ਚੜ੍ਹਿਆ ਐਡਾ ।
ਇਕ ਮਾੜੂਆ ਬੰਦਾ, ਕਲੰਦਰ, ਡਮਰੂ ਵਜਾਂਦਾ, ਇਕ ਨਾਲ ਮੁੰਡਾ ਓਸ ਦੇ ।
ਇਕ ਬਾਂਦਰ ਗੰਜਾ, ਲੱਕ ਲੰਗੋਟ, ਮੋਢੇ ਡਾਂਗ ਗਭਰੂ ਜਵਾਨ ਦੇ
ਸਿਰ ਚੀਰਾ, ਮੇਲੇ ਜਾਂਦਾ ਜੋ ਕਿਤੇ ਨਾ ਲੱਗਾ,
ਇਕ ਬਾਂਦਰੀ, ਲੱਛੋ, ਖੁੱਥੀ ਖੁੱਥੀ, ਲੱਕ ਘੱਗਰੀ, ਰੱਤੀ, ਵਟੀਆਂ ਲੀਰਾਂ ਦੀ,