Back ArrowLogo
Info
Profile

ਨੱਚਣ, ਰੁੱਸਣ, ਮੰਨਣ, ਇਹ ਬਾਂਦਰ ਬਾਂਦਰੀ, ਕਲੰਦਰ ਦੇ ਇਸ਼ਾਰੇ ਤੇ,

ਡਮਰੂ ਦੇ ਖੜਾਕ ਤੇ ।

 

ਨੱਚਦੇ ਇਹ ਬਾਂਦਰ ਬਾਂਦਰੀ, ਡੰਡੇ ਦੇ ਡਰ ਨਾਲ, ਤਗੜੇ ਦੀ ਮਰਜ਼ੀ ਹੇਠ,

ਹੌਲੇ ਸੁਸਤ, ਭਾਰੇ ਪੈਰੀਂ, ਮਨ ਮਰੇ ਨਾਲ, ਜਿਵੇਂ ਸਿਖਿਆ ਇਹਨਾਂ

ਨੇ ਰੋਜ਼ ਰੋਜ਼ ਨੱਚਣਾ,

ਰਹਿ ਗਈ ਤੇਜ਼ੀ ਤੇ ਲਚਕ ਤੇ ਚੌੜ ਇਨ੍ਹਾਂ ਦੀ ਭਾਵੇਂ, ਪਿਛੇ ਵਿਚ ਜੰਗਲਾਂ,

ਜਿਥੇ ਰਹੀ ਆਜ਼ਾਦੀ, ਤੇ ਖੁਲ੍ਹ ਤੇ ਮੌਜ ਮਨ ਦੀ ।

 

ਖੇਲ੍ਹ ਖਤਮ, ਚਾਦਰ ਵਛਾਈ ਕਲੰਦਰ ਨੇ, ਪੇਟ ਵਾਸਤੇ ਆਪਣੇ,

ਪੈਸਾ ਸੁਟਿਆ ਕਿਸੇ ਇਕ, ਦਾਣਿਆਂ ਦੀ ਲੱਪ ਆਣ ਪਾਈ ਕਿਸੇ,

ਕਿਸੇ ਆਟੇ ਦੀ ਚੂੰਢੀ, ਰੋਟੀ ਬੇਹੀ ਦਾ ਚੱਪਾ ਕਿਸੇ,

ਨਿੱਕਾ ਜਿਹਾ ਢੇਰ ਲੱਗਾ ਇਕ, ਦਾਣੇ ਦਾ, ਆਟੇ ਦਾ ।

 

ਬਹਿ ਗਏ ਬਾਂਦਰ ਬਾਂਦਰੀ, ਕਲੰਦਰ ਦੇ ਕੋਲ,

ਉਦਾਸ, ਦਿਲਗੀਰ, ਜੀਵਨ ਦਾ ਚਾਅ ਨਾ ਰਿਹਾ ਹੁੰਦਾ ਜਿਵੇਂ,

ਖਬਰੇ ਕੋਈ ਯਾਦ ਆਈ, ਲੰਘ ਗਈ ਉਮਰਾ ਦੀ, ਖੁਸ ਗਈ

ਖੁਲ੍ਹ ਦੀ, ਖੁਲ੍ਹ ਵਾਲੇ ਜੰਗਲਾਂ ਦੀ ।

62 / 116
Previous
Next