

ਖਿਆਲ ਨੇ ਉਹ ਜੰਗਲ ਤੱਕੇ, ਚੀਕਾਂ ਸੁਣੀਆਂ, ਸਾਥੀਆਂ ਦੀਆਂ,
ਸਿਰ ਉਠੇ ਦੋ, ਅੱਖਾਂ ਮਿਲੀਆਂ ਚਾਰ,
ਘਿਰਣਾ ਦੀ ਨਜ਼ਰ ਤੱਕਿਆ, ਇਨ੍ਹਾਂ ਆਪਣੇ ਮਾਲਕ ਕਲੰਦਰ ਨੂੰ,
ਬੇ-ਖਬਰ ਪਾਂਦਾ ਸੀ, ਪੈਸੇ ਬੋਝੇ 'ਚ, ਆਟਾ ਦਾਣਾ ਗੁਛੀਆਂ 'ਚ,
ਰੋਟੀਆਂ ਫੜਾਂਦਾ ਮੁੰਡੇ ਦੇ ਹੱਥ,
ਛਾਲ ਮਾਰੀ ਇਨ੍ਹਾਂ, ਇਕ ਛੜੱਪਾ, ਚੜ੍ਹ ਗਏ ਪਿੱਪਲ ਤੇ ਬਾਂਦਰ ਬਾਂਦਰੀ,
ਮਾਰ ਮਾਰ ਟਪੋਸੀਆਂ, ਗਏ ਟਾਹਣੀਉਂ ਟਾਹਣੀ ਉੱਚੀ ਇਕ ਟੀਸੀ ਤੇ,
ਲੱਗਣ ਜਿਊਂਦੇ ਇਉਂ, ਜਵਾਨੀ ਮੁੜ ਆਈ ਮਰਿਆਂ ਸਰੀਰਾਂ ਵਿਚ
ਜਿਵੇਂ, ਦੰਦੀਆਂ ਚਘਾਂਦੇ ਹੇਠਾਂ ਬੈਠਿਆਂ ਨੂੰ ।
ਪਾੜ ਸੁੱਟੀ ਲਾਲ ਘੱਗਰੀ ਬਾਂਦਰੀ ਨੇ, ਮੈਲਾ ਕੋਟ ਬਾਂਦਰ ਨੇ,
ਨਵ੍ਹਾਂ ਨਾਲ, ਦੰਦਾਂ ਨਾਲ,
ਇਹ ਕੈਦ ਦੀਆਂ ਨਸ਼ਾਨੀਆਂ, ਗੁਲਾਮੀ ਦੇ ਤਕਮੇ, ਕਬਜ਼ ਕਰਦੇ
ਰੂਹਾਂ ਨੂੰ,
ਫਿਰਨ ਟਾਹਣੀਓਂ ਟਾਹਣੀ, ਟੀਸੀਓਂ ਟੀਸੀ, ਟਪੋਸੀਆਂ ਮਾਰਦੇ ਮਨ ਮਰਜ਼ੀ ਨਾਲ,
ਭਾਗਾਂ ਨਾਲ ਮਿਲੀ ਇਸ ਨਵੀਂ ਆਜ਼ਾਦੀ ਨੂੰ ਮਾਣਦੇ, ਮਿਉਂਦੇ ਨਾ ਜਿਸਮਾਂ ਵਿਚ ।
ਹੇਠਾਂ ਖਲੋਤਾ ਕਲੰਦਰ, ਤੇ ਉਸ ਦਾ ਸਾਥੀ, ਘਬਰਾਏ ਹੋਏ, ਹੱਕੇ ਬੱਕੇ,
ਦੋ ਤਿੰਨ ਬੁਢੇ ਹੋਰ ਨਾਲ, ਜਿਨ੍ਹਾਂ ਦੀ ਟਿਕਾਣ ਸੀ ਬਸ ਇਹੋ, ਇਕ ਪਿੱਪਲ,
ਹੱਥਾਂ ਵਿਚ ਲਏ ਰੋਟੀ ਦੇ ਟੁੱਕਰ, ਤਲੀਆਂ ਤੇ ਰੱਖੀਆਂ ਖਿੱਲਾਂ ਛੋਲਿਆ ਦੀਆਂ,
ਪੁਚ ਪੁਚ ਕਰਦੇ, ਤਰਲਿਆਂ ਤੇ ਪਿਆਰ ਨਾਲ ਬੁਲਾਂਦੇ, ਨੇੜੇ ਨੇੜੇ,
ਇਸ ਬਾਂਦਰ ਤੇ ਬਾਂਦਰੀ ਨੂੰ ।