

ਭੁੱਖੇ ਸਨ ਇਹ ਬਾਂਦਰ ਬਾਂਦਰੀ ਦੋਵੇਂ,
ਪਿੱਪਲ ਤੇ ਕੁਝ ਨਾ ਲੱਭਾ ਸੀ ਖਾਣ ਨੂੰ, ਹੋਰ ਭੁਖ ਚਮਕਾਈ ਇਨ੍ਹਾਂ
ਖੁਲ੍ਹੀਆਂ ਟਪੋਸੀਆਂ ਨੇ ਸਗੋਂ,
ਆਏ ਲਲਚਾਏ ਹੇਠਾਂ ਹੇਠਾਂ, ਵੇਖ ਮਾਲਕ ਦੇ ਹੱਥ ਟੁੱਕਰ ਤੇ ਖਿੱਲਾਂ-
ਡੰਡਾ ਪਿਆ ਪਿਠ ਪਿਛੇ ਨਾ ਦਿਸਿਆ,
ਟੁੱਕਰ ਫੜ ਹੀ ਲਿਆ ਸੀ-ਕਿ ਸੰਗਲੀ ਫੜ ਲਈ ਕਲੰਦਰ ਨੇ
ਬਾਂਦਰ ਦੀ, ਮੁੰਡੇ ਨੇ ਬਾਂਦਰੀ ਦੀ,
ਟੁੱਕਰ ਹਟਾ ਲਿਆ ਅੱਗੋਂ, ਖੱਸ ਲਈਆਂ ਖਿੱਲਾਂ, ਤੇ ਡੰਡਾ ਫੜਿਆ
ਹੱਥ, ਅਕੇ ਹੋਏ ਕਲੰਦਰ ਨੇ ।
ਗੁੱਛੂ ਮੁੱਛੂ ਹੁੰਦੇ ਇਹ ਬਾਂਦਰ ਬਾਂਦਰੀ, ਕੱਠੇ ਹੁੰਦੇ ਜਾਣ, ਕਲੰਦਰ
ਦੀਆਂ ਲੱਤਾਂ ਵਿਚ, ਚੀਕਾਂ ਮਾਰਦੇ, ਤਰਲੇ ਕੱਢਦੇ,
ਮਾਰਿਆ ਕਲੰਦਰ ਨੇ ਡੰਡੇ ਨਾਲ, ਨਾਲੇ ਬੰਦ ਕੀਤੀ ਇਕ ਡੰਗ
ਦੀ ਰੋਟੀ-'ਬੜਾ ਖਪਾਇਆ ਇਹਨਾਂ ਮੈਨੂੰ ।'
ਧਰੂ ਕੇ ਲੈ ਗਿਆ ਡੇਰੇ ਆਪਣੇ, ਪਿੰਡੋਂ ਬਾਹਰ, ਬੰਨ੍ਹਿਆ ਕਿਲਿਆਂ
ਨਾਲ, ਅਜੇ ਗੁੱਸਾ ਨਾ ਸੀ ਮਰਿਆ ਕਲੰਦਰ ਦਾ ।
"ਇਹਨਾਂ ਬੜਾ ਖੱਜਲ ਕੀਤਾ ਅੱਜ, ਨਾਲੇ ਫਾੜ ਦਿਤੇ ਘੱਗਰੀ ਤੇ ਲੰਗੋਟ,
ਖਾਣ ਨੂੰ ਦੇਣਾ ਨਾ ਇਨ੍ਹਾਂ ਨੂੰ ਕੁਝ ਅੱਜ"-ਜ਼ਨਾਨੀ ਨੂੰ ਆਖਦਾ ।
ਚੁਪ ਹੋਏ ਬਾਂਦਰ ਤੇ ਬਾਂਦਰੀ, ਮਰ ਗਿਆ ਮੱਚ, ਉਡ ਗਈ ਰੂਹ,
ਵਿਸਰੀ ਜੰਗਲ-ਟਪੋਸੀਆਂ ਦੀ ਯਾਦ, ਹਮੇਸ਼ਾ ਵਾਸਤੇ,
ਨੱਚਦੇ ਹੁਣ ਘੱਗਰੀ ਪਾ ਕੇ ਸੋਟਾ ਫੜ ਕੇ, ਜਿਵੇਂ ਨਚਾਂਦਾ ਕਲੰਦਰ-
ਬੜੇ ਸਿੱਖੇ ਹੋਏ ਸਾਊ ਬਾਂਦਰ ਇਹ,
ਢਿੱਡ ਭਰਦੇ ਦਾਣੇ ਮੰਗ ਮੰਗ, ਇਸ ਮਾਲਕ ਕਲੰਦਰ ਦਾ, ਆਪਣੀ
ਕੈਦ ਦਾ ਤਮਾਸ਼ਾ ਵਿਖਾ ਵਿਖਾ ।
ਕੈਸੀ ਇਹ ਦੁਨੀਆਂ, ਜ਼ੁਲਮ ਨੂੰ ਤਮਾਸ਼ਾ ਆਂਹਦੀ,
ਖਰਚ ਖਰਚ ਪੈਸੇ ਵੇਖਦੀ, ਜ਼ੁਲਮ ਦਾ ਤਮਾਸ਼ਾ, ਇਹ ਦੁਨੀਆਂ ਜ਼ਾਲਮ !