

ਅਕਲਾਂ ਦੇ ਕੋਟ ਮੂਰਖ ਹਨ, ਪਿਆਰਾਂ ਦੇ ਪੁਤਲੇ ਲੜਦੇ ਹਨ,
ਹੁੰਦੇ ਸੁੰਦੇ ਭੁੱਖੇ ਹਨ, ਨੇੜੇ ਹੁੰਦੇ ਦੂਰ ਹਨ ।
ਇਹ ਕੌਣ ਹਨ ਮੈਨੂੰ ਕੰਡ ਦੇਈ ਖੜੇ, ਚਾਨਣ ਮੇਰਾ ਰੋਕੀ ਖੜੇ ?
ਮੁੱਲਾਂ, ਪਾਂਧੇ, ਪੰਡਤ, ਗੁਰੂ, ਪੀਰ, ਲੀਡਰ, ਪੁਜਾਰੀ, ਲੁਟੇਰੇ !
ਇਹ ਕੀ ਹੈ ਉਹਲਾ ਜਿਹਾ, ਵਿਚਕਾਹੇ ਜਿਹੇ ?
ਮਸਜਦਾਂ, ਮੰਦਰ, ਮੁਲਕ-ਹਨੇਰੇ ਕੋਠੇ, ਸੱਖਣੀਆਂ ਹੱਦਾਂ !
ਇਹ ਕੀਹ ਹੈ ਆਲ ਜੰਜਾਲ, ਮੇਰੇ ਬੰਦਿਆਂ ਨੂੰ ਬੰਨੇ ਬੰਨ੍ਹਣ ?
ਧਰਮ, ਮਜ਼੍ਹਬ, ਸ਼ਰ੍ਹਾਂ, ਸ਼ਿਕੰਜੇ-ਵਹਿਮ ਭੁਲੇਖੇ ।
ਕਰਾਂ ਫਨਾਹ ਇਹਨਾਂ ਦਲਾਲਾਂ ਨੂੰ, ਇਹਨਾਂ ਉਹਲਿਆਂ ਨੂੰ, ਇਹਨਾਂ
ਬੰਨ੍ਹਣਾਂ ਨੂੰ ?
ਪਰ ਕਿਉਂ ?
ਮੈਂ ਆਪਣੇ ਬੰਦਿਆਂ ਨੂੰ ਆਪਣੀ ਸਾਰੀ ਸ਼ਕਤੀ ਦਿੱਤੀ ਏ,
ਸਾਰੀ ਅਕਲ ।
ਉਹ ਆਪੇ ਆਜ਼ਾਦ ਹੋਸਨ, ਆਪਣੀ ਤਾਕਤ ਨਾਲ !
ਮੇਰਾ ਦਖਲ ਦੇਣਾ ਹੁਣ ਠੀਕ ਨਾ"-
ਰੱਬ ਦੀ ਦਿਲਗੀਰੀ ਲਹਿ ਗਈ, ਉਹ ਲੱਗਾ ਫਿਰਨ ਚਾਈਂ
ਚਾਈਂ, ਖੁਸ਼ ।
ਮੈਂ ਰੱਬ ਡਿੱਠਾ ਸੀ, ਉਹਦੀ ਪੁਕਾਰ ਸੁਣੀ ਸੀ,
ਤੁਸਾਂ ਡਿੱਠਾ ਏ ? ਉਹਦੀ ਪੁਕਾਰ ਸੁਣੀ ਏਂ ?
ਨਹੀਂ ਡਿੱਠਾ, ਤਾਂ ਮੈਨੂੰ ਵੇਖੋ,
ਨਹੀਂ ਸੁਣੀ, ਤਾਂ ਮੇਰੀ ਸੁਣੋ-
ਕਿ ਰੂਪ ਉਸ ਦਾ ਝਲਕਦਾ ਮੇਰੇ ਵਿਚੋਂ,
ਪੁਕਾਰ ਉਸ ਦੀ ਕੂਕਦੀ ਮੇਰੇ ਅੰਦਰ ।