

ਇਹ ਕੋਹਲੂ,
ਕਿਡਾ ਵੱਡਾ-ਰੱਬ ਦਾ ਸੁਰਮੇਦਾਨਾ,
ਕਿਸ ਲੱਕੜ ਦਾ ਬਣਿਆ ? ਕਿਸ ਤਰਖਾਣ ਦਾ ਘੜਿਆ ?
ਕਦੋਂ ਆ ਗੱਡਿਆ ਇਸ ਕੋਠੇ ਅੰਦਰ,
ਤੇਲੀਆਂ ਸਾਰੇ ਪਿੰਡ ਦਿਆਂ ਰਲ ਕੇ,
ਇਹ ਕੋਹਲੂ ।
ਅੰਦਰੋਂ ਬਾਹਰੋਂ ਥਿੰਧਾ,
ਚੱਪਾ ਚੱਪਾ ਮੈਲ ਤੇਲ ਦੀ ਜੰਮੀ,
ਪੀੜ੍ਹੀਆਂ ਦਾ ਵਿੱਢਿਆ, ਇਹ ਕੋਹਲੂ,
ਹਥ ਭਰਦੇ, ਹਥ ਲਾਇਆਂ,
ਅਗੇ ਧਰਿਆ, ਇਕ ਬੋੜਾ ਭਾਂਡਾ, ਮੈਲਾ ਲਿਬੜਿਆ,
ਵਿਚ ਪੈਂਦੀ ਤੇਲ ਦੀ ਨਿਕੜੀ ਧਾਰ, ਕੋਹਲੂ ਦੀ ਪਾੜਛੀ ਥਾਣੀਂ ।
ਵਿਚ ਲੱਠ ਫਿਰਦੀ, ਵੱਡੀ ਇਕ ਮੋਟੀ,
ਜਿਵੇਂ ਸੁਰਮਚੂ ਰੱਬ ਦਾ,
ਫਿਰਦੀ ਪੀੜਦੀ ਜੋ ਵਿਚ ਪੈਂਦਾ-
ਅਲਸੀ, ਤਾਰਾ-ਮੀਰਾ ਤੇ ਸਰ੍ਹੋਂ,
ਢੱਗਾ ਜੁੱਤਾ ਇਕ ਅਗੇ, ਗਾਧੀ ਦੇ,
ਵਗਦਾ ਇਕ ਚਾਲ ਤੇਲੀ ਦੀ ਹੂੰਗਰ ਤੇ,
ਖੋਪੇ ਬੱਧੇ ਅਖਾਂ ਦੋਹਾਂ ਅਗੇ,
ਮਤ ਵੇਖੇ ਬਾਹਰ ਦੀ ਦੁਨੀਆਂ,
ਤੇ ਵਗਨਾ ਛੱਡੇ,
ਇਹ ਖੋਪੀਂ ਲੱਗਾ ਢੱਗਾ ।