

ਕਿਹਾ ਸੋਹਣਾ ਸੋਹਣਾ, ਸੱਜਰਾ ਸੱਜਰਾ, ਪਿਆਰਾ ਪਿਆਰਾ, ਬੰਦਾ ਸੈਂ ਤੂੰ ।
ਸੁਬਕ ਲੰਮੀ ਤੇ ਪਤਲੀ ਤੇਰੀ ਡੀਲ, ਸੋਹਣੇ ਲੰਮੇ ਪਤਲੇ ਤੇਰੇ ਵਾਲ,
ਸੋਹਣੇ ਨਾਜ਼ਕ ਤੇਰੇ ਪੈਰ, ਨੰਗੇ ਨੰਗੇ ਲੇਥੂ ਪੇਥੂ ਮੁਸਾਫ਼ਰੀ ਦੇ ਘੱਟੇ ਨਾਲ,
ਸੋਹਣੇ ਲੰਮੇ ਕੂਲੇ ਕੂਲੇ ਤੇਰੇ ਹੱਥ, ਚੁੰਮ ਲੈਣ ਨੂੰ ਜੀਅ ਪਿਆ ਕਰਦਾ,
ਉਂਗਲਾਂ ਪਤਲੀਆਂ ਪਤਲੀਆਂ, ਨਰਮ ਨਰਮ, ਰਵ੍ਹਾਂ ਦੀਆਂ ਫਲੀਆਂ ।
ਇੱਕ ਲੰਮਾ-ਚਿੱਟਾ, ਚੋਲਾ ਤੇਰੇ ਗਲ, ਖੁਲ੍ਹੀਆਂ ਬਾਹਾਂ ਜਿਸ ਦੀਆਂ,
ਖੁਲ੍ਹਾ ਗਲਮਾ ।
ਛਾਤੀ ਅੰਦਰ ਇੱਕ ਤੜਫਦਾ ਫੜਕਦਾ ਦਿਲ,
ਰਹਿਮਤ ਦਾ ਸਮੁੰਦਰ ਬੰਦ ਜਿਸ ਅੰਦਰ,
ਚੁਪ ਚਾਪ ਸੈਂ ਤੂੰ, ਲਿੱਸਾ ਜਿਹਾ ਮੂੰਹ ਤੇਰਾ ਦਿਲਗੀਰ,
ਥੱਲੇ ਲੱਥੀਆਂ ਸੁੰਦਰ ਅੱਖਾਂ,
ਟੁਰਦਾ ਜਾਂਦਾ ਲੰਮੀਆਂ ਲੰਮੀਆਂ ਪਾਂਘਾਂ ਭਰਦਾ,
ਬੜੇ ਬੜੇ ਕਾਹਲੀ ਦੇ ਕੰਮ ਜਿਵੇਂ ਪਏ ਹੁੰਦੇ ਕਿਸੇ ਨੂੰ ।
ਸਾਰੇ ਜਹਾਨ ਦੀ ਪੀੜ ਤੇਰੇ ਸੀਨੇ, ਸਾਰੇ ਜਹਾਨ ਦੇ ਫ਼ਿਕਰ ਤੇਰੇ ਸਿਰ,
ਮੁਸਕਰਾਂਦਾ ਤੂੰ ਪਤਲਿਆਂ ਪਤਲਿਆਂ ਹੋਠਾਂ 'ਚੋਂ ਕਦੀ ਕਦੀ ।
ਸਾਰੇ ਜਹਾਨ ਦੀ ਦਰਦ ਪਈ ਦਿਸਦੀ ਇਸ ਇੱਕ ਮੁਸਕਰਾਹਟ ਅੰਦਰ ।
ਟੁਰਿਆ ਟੁਰਿਆ ਜਾਂਦਾ ਤੂੰ ਬਿਨ ਰੋਟੀ ਖਾਧੇ, ਬਿਨ ਪਾਣੀ ਪੀਤੇ,
ਧੁਰੋਂ ਖਾ ਕੇ ਤੁਰਿਓਂ ਤੂੰ ਕੋਈ ਤੋਸਾ, ਪੀਕੇ ਤੁਰਿਓਂ ਕੋਈ ਅੰਮ੍ਰਿਤ,
ਮੁੜ ਪਿਆਸ ਨਾ ਲਗਦੀ ਨਾ ਭੁੱਖ ਨਾ ਵਿਹਲ ਮਿਲਦੀ ਰਤਾ,
ਐਡੇ ਖਿਲਰੇ ਤੇਰੇ ਖਿਲਾਰ, ਸੌਂਪਣੇ ਸੌਂਪੇ ਤੈਨੂੰ ਤੇਰੇ ਬਾਪੂ ਐਨੇ,
ਪਿਆਰਾਂ ਵਾਲਾ ਬਾਪੂ ਤੇਰਾ ਹੋਸੀ ਕੋਈ ਤੇਰੇ ਵਾਂਗਰਾਂ ਦਾ ।