ਆਪਣੀ ਧ ਰਤੀ ਦੀ ਖਿੱਚ
ਸਾਡੇ ਡੈਲੀਗੇਸ਼ਨ ਨੇ ਮੁਲਤਾਨ ਤੋਂ ਕਰਾਚੀ ਜਾਣਾ ਸੀ ਅਤੇ ਇਹ ਤਕਰੀਬਨ 900 ਕੁ ਕਿਲੋਮੀਟਰ ਤੋਂ ਉਪਰ ਸਫਰ ਸੀ ਕਾਰਾਂ ਜਾਂ ਬੱਸਾਂ ਰਾਹੀਂ ਤਾਂ 15,16 ਘੰਟੇ ਲੱਗ ਜਾਣੇ ਸਨ ਪਰ ਇਸ ਲਈ ਹਵਾਈ ਜਹਾਜ ਰਾਹੀਂ ਜਾਣ ਦਾ ਪ੍ਰਬੰਧ ਕੀਤਾ ਹੋਇਆ ਸੀ । ਸ਼ਾਮ ਨੂੰ ਚਲ ਕੇ ਅਸੀਂ ਕੋਈ 1+ ਘੰਟੇ ਵਿਚ ਹੀ ਕਰਾਚੀ ਪਹੁੰਚ ਗਏ। ਕਰਾਚੀ ਸ਼ਹਿਰ ਬਾਰੇ ਅਸੀਂ ਬਚਪਨ ਤੋਂ ਹੀ ਬਹੁਤ ਕੁਝ ਸੁਣਦੇ ਰਹੇ ਸਾਂ। ਇਹ ਇਕ ਬਹੁਤ ਵੱਡਾ ਸ਼ਹਿਰ ਹੈ। ਮੈਨੂੰ ਯਾਦ ਹੈ ਰਿਸ਼ਤੇ ਵਿਚੋਂ ਸਾਡੇ ਤਾਇਆ ਜੀ, ਇਥੋਂ ਦੀ ਮਿਉਂਸਪਲ ਕਮੇਟੀ ਦੇ ਮੁਲਾਜਮ ਸਨ ਅਤੇ ਉਹ ਆਪਣੀ ਗਲਬਾਤ ਵਿਚ ਇਸ ਸ਼ਹਿਰ ਦੀਆਂ ਰੰਗੀਨੀਆਂ ਅਤੇ ਵਿਸ਼ਾਲਤਾ ਬਾਰੇ ਕਾਫੀ ਕੁਝ ਦੱਸਦੇ ਹੁੰਦੇ ਸਨ। ਏਅਰਪੋਰਟ ਤੇ ਆਪੋ ਆਪਣਾ ਸਮਾਨ ਲੈਂਦਿਆਂ ਸਾਨੂੰ ਕਾਫੀ ਸਮਾਂ ਲੱਗ ਗਿਆ, ਇਸ ਵਕਤ ਅੱਧੀ ਰਾਤ ਦਾ ਸਮਾਂ ਸੀ ਪਰ ਏਅਰਪੋਰਟ ਤੇ ਯਾਤਰੀਆਂ ਦੇ ਆਉਣ ਅਤੇ ਜਾਣ ਕਰਕੇ, ਪੂਰੀ ਗਹਿਮਾਂ ਗਹਿਮ ਸੀ। ਕੋਈ ਯਾਤਰੀ ਆਪਣਾ ਸਮਾਨ ਲੈ ਕੇ ਅੰਦਰ ਨੂੰ ਜਾ ਰਿਹਾ ਸੀ, ਕੋਈ ਬਾਹਰ ਨੂੰ ਆ ਰਿਹਾ ਸੀ। ਟੈਕਸੀਆਂ ਦਾ ਆਉਣਾ ਜਾਣਾ ਜਾਰੀ ਸੀ। ਕਰਾਚੀ ਦੀਆਂ ਸੜਕਾਂ ਤੇ ਪੂਰੀ ਗਹਿਮਾਂ ਗਹਿਮ ਸੀ। ਕਾਫੀ ਕਾਰਾਂ, ਟੈਕਸੀਆਂ ਇਕ ਤੋਂ ਦੂਸਰੀ ਤਰਫ ਆ ਜਾ ਰਹੀਆਂ ਸਨ। ਸ਼ਹਿਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਅਜੇ ਵੀ ਖੁਲ੍ਹੀਆਂ ਹੋਈਆਂ ਸਨ। ਬੀਚ ਪਲਇਜਰ ਹੋਟਲ, ਏਅਰਪੋਰਟ ਤੋਂ ਕੋਈ 26 ਕੁ ਕਿਲੋਮੀਟਰ ਦੂਰ ਸੀ ਅਤੇ ਸਾਨੂੰ ਉਥੇ ਪਹੁੰਚਣ ਲਈ 31.36 ਮਿੰਟ ਲੱਗ ਗਏ।
ਇਹ ਹੋਟਲ ਇਕ ਬਹੁਤ ਵੱਡੀ ਝੀਲ ਦੇ ਕਿਨਾਰੇ ਬਣਿਆ ਹੋਇਆ ਸੀ ਇਕ ਤਰਫ ਪਾਣੀ ਹੀ ਪਾਣੀ ਦੂਰ ਤੱਕ ਨਜ਼ਰ ਆਉਂਦਾ ਸੀ। ਸਾਡਾ ਸਮਾਨ ਸਾਡੇ ਕਮਰਿਆਂ ਵਿਚ ਰੱਖਿਆ ਜਾ ਰਿਹਾ ਸੀ। ਹੋਟਲ ਦੇ ਲਾਅਨ ਵਿਚ ਦੋ ਆਦਮੀ ਮੇਜ ਦੇ ਇਰਦ-ਗਿਰਦ ਬੈਠੇ ਹੋਏ ਸਨ ਉਹਨਾਂ ਨੇ ਮੈਨੂੰ ਵੇਖ ਕੇ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। "ਸਰਦਾਰ ਜੀ ਆ ਜਾਉ, ਸਰਦਾਰ ਜੀ ਆ ਜਾਉ” ਅਤੇ ਮੈਂ ਤੁਰਦਾ ਤੁਰਦਾ ਉਹਨਾਂ ਕੋਲ ਪਹੁੰਚ ਗਿਆ।