ਮੈਂ ਉਹਨਾਂ ਦੇ ਕੋਲ ਬੈਠ ਗਿਆ ਸਰਦਾਰ ਜੀ ਕਿਥੋਂ ਆਏ ਹੋ ਮੇਰੇ ਦੱਸਣ ਤੇ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਉਹਨਾਂ ਵਿਚੋਂ ਇਕ ਕਹਿਣ ਲੱਗਾ ਕਿ "ਲਉ ਅਸੀਂ ਤਾਂ ਗੁਆਂਢੀ ਭਰਾ ਹਾਂ, ਮੈਂ ਲਹੌਰ ਤੋਂ ਹਾਂ, ਅੰਮ੍ਰਿਤਸਰ ਅਤੇ ਲਹੌਰ ਇਕੋ ਗੱਲ ਹੈ। ਪਾਉ ਪੈਗ ਸਰਦਾਰ ਜੀ ਲਈ"। ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਸ਼ਰਾਬ ਪੀਂਦਾ ਨਹੀਂ ਤਾਂ ਫਿਰ ਉਹ ਕਹਿਣ ਲੱਗਾ "ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਪੰਜਾਬੀ ਤਾਂ ਸ਼ਰਾਬ ਤੋਂ ਬਗੈਰ ਰਹਿ ਹੀ ਨਹੀਂ ਸਕਦੇ। ਸਰਦਾਰ ਜੀ ਤੁਸੀਂ ਤੇ ਸਾਡੇ ਗੁਆਂਢੀ ਭਰਾ ਹੋ, ਤੁਹਾਨੂੰ ਤਾਂ ਪੀਣੀ ਹੀ ਪੈਣੀ ਹੈ", ਜਦੋਂ ਦੂਸਰਾ ਵਿਅਕਤੀ ਇਕ ਗਲਾਸ ਵਿਚ ਸ਼ਰਾਬ ਪਾਉਣ ਲੱਗਾ ਤਾਂ ਮੈਂ ਫਿਰ ਕਿਹਾ ਕਿ ਮੈਂ ਨਹੀਂ ਪੀਂਦਾ ਤਾਂ ਉਹ ਵੀ ਕਹਿਣ ਲੱਗਾ, “ਸਰਦਾਰ ਜੀ, ਕੋਈ ਫਰਕ ਨਹੀਂ ਪੈਂਦਾ, ਤੁਸੀਂ ਤਾਂ ਸਾਡੇ ਭਰਾ ਹੋ", ਉਹ ਵੀ ਪੰਜਾਬੀ ਬੋਲ ਰਿਹਾ ਸੀ। ਫਿਰ ਉਹ ਪੁਛਣ ਲੱਗਾ "ਸਰਦਾਰ ਜੀ ਲਹੌਰ ਵਧੀਆ ਹੈ ਕਿ ਅੰਮ੍ਰਿਤਸਰ" ਮੈਂ ਅੰਦਾਜਾ ਲਾਇਆ ਕਿ ਇਹਨਾਂ ਪੀਤੀ ਹੋਈ ਹੈ ਪਤਾ ਨਹੀਂ ਕਿਹੋ ਜਿਹਾ ਜਵਾਬ ਠੀਕ ਸਮਝਦੇ ਹੋਣਗੇ। ਮੈਂ ਕਹਿ ਦਿੱਤਾ "ਦੋਵੇਂ ਸ਼ਹਿਰ ਇਕੋ ਜਿਹੇ ਹਨ" ਤਾਂ ਉਹ ਕਹਿਣ ਲੱਗਾ "ਸਰਦਾਰ ਜੀ ਇਹ ਗਲ ਤਾਂ ਨਹੀਂ, ਕਿਥੇ ਲਹੌਰ ਤੇ ਕਿਥੇ ਅੰਮ੍ਰਿਤਸਰ।” ਮੈਂ ਬੜੀ ਕਸੂਤੀ ਸਥਿਤੀ ਵਿਚ ਸਾਂ। ਮੈਨੂੰ ਇਕ ਤਰਕੀਬ ਸੁਝੀ ਅਤੇ ਮੈਂ ਉਹਨਾਂ ਨੂੰ ਕਿਹਾ "ਠੀਕ ਹੈ ਪਰ ਮੈਂ ਆਪਣਾ ਸਮਾਨ ਪਹਿਲੋਂ ਆਪਣੇ ਕਮਰੇ ਵਿਚ ਰੱਖ ਆਵਾਂ” ਅਤੇ ਮੈਂ ਤੇਜ਼ੀ ਨਾਲ ਉਥੋਂ ਰਿਸੈਪਸ਼ਨ ਵਲ ਆ ਗਿਆ। ਉਸ ਵਕਤ ਰਾਤ ਦੇ 2 ਕੁ ਵਜੇ ਦਾ ਸਮਾਂ ਸੀ ਅਤੇ ਡੇਲੀਗੇਸ਼ਨ ਦਾ ਇੰਚਾਰਜ ਮਿਸਟਰ ਸਬੂਰ ਸਾਨੂੰ ਚਿਤਾਵਨੀ ਦੇ ਰਿਹਾ ਸੀ ਕਿ ਸਾਰੇ ਸਵੇਰੇ 7 ਵਜੇ ਤੱਕ ਤਿਆਰ ਹੋ ਜਾਣਾਂ ਕਿਉਂ ਜੋ ਹੈਦਰਾਬਾਦ ਜਾ ਕੇ ਰਾਤ ਫਿਰ ਵਾਪਿਸ ਆਉਣਾ ਹੈ ਅਤੇ ਇਹ ਕੋਈ 175 ਕਿਲੋਮੀਟਰ ਦਾ ਸਫਰ ਹੈ।
ਦੂਸਰੇ ਦਿਨ ਹੈਦਰਾਬਾਦ ਜਾਣ ਤੋਂ ਪਹਿਲਾਂ ਮੈਂ ਬਰੇਕਫਾਸਟ ਕਰ ਕੇ, ਆਪਣੀ ਚਾਹ ਦਾ ਕੱਪ ਹੱਥ ਵਿਚ ਲੈ ਕੇ ਝੀਲ ਦੀ ਤਰਫ ਚਲਾ ਗਿਆ।