"ਹਾਂ, ਮੈਂ ਉਸ ਪਿੰਡ ਨੂੰ ਜਾਣਦਾ ਹਾਂ, ਉਹ ਬਹੁਤ ਵਡਾ ਪਿੰਡ ਹੈ, ਮੈਂ ਇਕ ਵਾਰ ਉਥੇ ਗਿਆ ਸਾਂ" ਮੈਂ ਉਸ ਨੂੰ ਦਸਿਆ। ਉਹ ਕਈ ਵਿਅਕਤੀਆਂ ਦੇ ਨਾ ਲੈ ਰਿਹਾ ਸੀ ਅਤੇ ਉਹਨਾਂ ਦੀ ਪ੍ਰਸਿਧੀ ਬਾਰੇ ਦਸ ਰਿਹਾ ਸੀ, ਉਸ ਇਲਾਕੇ ਨਾਲ ਸਬੰਧਿਤ ਕਈ ਗੱਲਾਂ ਦਸੀ ਜਾਂ ਰਿਹਾ ਸੀ ਅਤੇ ਫਿਰ ਉਹ ਉਸ ਇਲਾਕੇ ਵਿਚ ਹੋਈ ਤਬਦੀਲੀ ਬਾਰੇ ਮੈਨੂੰ ਪੁਛਦਾ ਰਿਹਾਂ, ਸੜਕਾਂ, ਸਕੂਲ ਕਾਲਜ, ਪੱਟੀ ਦੇ ਤਹਸੀਲ ਬਨਣ ਅਤੇ ਹੋਰ ਕਈ ਗਲਾਂ ਅਸੀ ਕਰਦੇ ਰਹੇ, ਉਸ ਇਲਾਕੇ ਵਿਚ ਨਰਮਾ, ਕਪਾਹ, ਮਿਰਚਾਂ ਦੀਆਂ ਫਸਲਾਂ ਬਾਰੇ ਗਲਾਂ ਦਸਦਾ ਰਿਹਾ ਅਤੇ ਅਖੀਰ ਵਿਚ ਉਸਨੇ ਮੈਨੂੰ ਪੁਛਿਆ ਕਿ "ਤੁਸੀ ਅੰਮ੍ਰਿਤਸਰ ਕਿਥੇ ਰਹਿੰਦੇ ਹੋ।"
"ਖਾਲਸਾ ਕਾਲਜ ਦੇ ਅੰਦਰ ਰਹਿੰਦਾ ਹਾਂ।"
"ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਦਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਦਰ" ਉਸ ਨੇ ਦੁਹਰਾਅ ਕੇ ਪੁਛਿਆ ਅਤੇ ਮੈਂ ਉਸਦੀਆਂ ਅੱਖਾਂ ਵਿਚ ਇਕ ਅਜੀਬ ਜਹੀ ਚਮਕ ਵੇਖੀ ਜੋ ਉਸ ਦੀ ਉਤਸੁਕਤਾ ਬਾਰੇ ਦਸ ਰਹੀਂ ਸੀ।
ਉਸਦੇ ਚਿਹਰੇ ਦੀ ਉਤਸਕਤਾ ਦਸ ਰਹੀ ਸੀ ਜਿਵੇਂ ਉਸਨੂੰ ਮੇਰੇ ਤੇ ਯਕੀਨ ਨਾ ਹੋਵੇ ਅਤੇ ਉਹ ਫਿਰ ਪੁਛਣ ਲਗਾਂ, "ਤੁਸੀ ਕੀ ਕੰਮ ਕਰਦੇ ਹੋ।”
"ਮੈਂ ਖਾਲਸਾ ਕਾਲਜ ਪੜਾਉਦਾਂ ਰਿਹਾ ਹਾਂ ਅਤੇ ਅਜ ਕਲ ਰਿਟਾਇਰ ਹਾਂ" ਮੈਂ ਦਸਿਆ। ਉਸ ਨੇ ਫਿਰ ਕਾਹਲੀ ਨਾਲ ਦੋ ਵਾਰ ਦੁਹਰਾ ਦਿਤਾ "ਤੁਸੀਂ ਖਾਲਸਾ ਕਾਲਜ ਅੰਮ੍ਰਿਤਸਰ ਪੜਾਉਂਦੇ ਰਹੇ ਹੋ, ਤੁਸੀ ਖਾਲਸਾ ਕਾਲਜ ਅੰਮ੍ਰਿਤਸਰ ਪੜਾਉਂਦੇ ਰਹੇ ਹੋ।"