ਤਾਂ ਫਿਰ ਉਹ ਕਾਹਲੀ-ਕਾਹਲੀ ਦਸਣ ਲਗਾ "ਖਾਲਸਾ ਕਾਲਜ ਕਰਕੇ ਤਾਂ ਮੇਰਾ ਕੈਰੀਅਰ ਬਣਿਆ ਸੀ, ਮੈ ਕਾਲਜ ਦੀ ਫੁਟਬਾਲ ਟੀਮ ਵਿਚ ਸਾਂ, ਫੁਟਬਾਲ ਦੀ ਖੇਡ ਕਰਕੇ ਮੈਨੂੰ ਇਧਰ ਆ ਕੇ ਕਸਟਮ ਦੀ ਨੌਕਰੀ ਮਿਲੀ, ਖਾਲਸਾ ਕਾਲਜ ਤਾਂ ਅਜੇ ਵੀ ਮੇਰੇ ਸੁਫਨੇ ਵਿਚ ਆ ਜਾਂਦਾ ਹੈ" ਅਤੇ ਫਿਰ ਉਸ ਨੇ ਕਈ ਪ੍ਰੋਫੈਸਰਾਂ ਦੇ ਨਾ ਲਏ, ਜਿੰਨਾ ਵਿਚੋਂ ਕੁਝ ਨੂੰ ਮੈ ਮਿਲਿਆ ਹੋਇਆ ਸਾਂ, ਉਸ ਨੇ ਉਨ੍ਹਾਂ ਬਾਰੇ ਕਈ ਸੁਆਲ ਪੁਛੇ, ਕਾਲਜ ਦੀ ਕੰਨਟੀਨ, ਫਰੂਟ ਸ਼ਾਪ, ਕਾਲਜ ਦੇ ਹੋਸਟਲ, ਕ੍ਰਿਕਟ ਦੀ ਗਰਾਉਂਡ, ਫਾਰਮ ਅਤੇ ਕਈ ਕੁਝ ਹੋਰ, ਉਸ ਦੇ ਸੁਆਲ ਤਾਂ ਮੁਕ ਹੀ ਨਹੀ ਸਨ ਰਹੇ ਫਿਰ ਉਹ ਕਹਿਣ ਲਗਾਂ, "ਕਾਲਜ ਦੀ ਫੁਟਬਾਲ ਗਰਾਉਂਡ ਦਾ ਇੰਚ ਇੰਚ ਮੈਨੂੰ ਯਾਦ ਹੈ, ਅਸੀਂ ਸ਼ਾਮ ਨੂੰ ਉਦੋਂ ਤਕ ਫੁਟਬਾਲ ਖੇਡਦੇ ਰਹਿੰਦੇ ਸਾਂ, ਜਦੋਂ ਤਕ ਫੁਟਬਾਲ ਰਾਤ ਦੇ ਹਨੇਰੇ ਵਿਚ ਲਭਣ ਤੋਂ ਹਟ ਨਹੀਂ ਜਾਂਦਾ ਸੀ ਮੈਂ ਤਾਂ ਹੁਣ ਵੀ ਅੱਖਾਂ ਬੰਦ ਕਰਕੇ ਕਾਲਜ ਅਤੇ ਫਿਰ ਕਾਲਜ ਦੀ ਗਰਾਉਂਡ ਵਿਚ ਜਾ ਸਕਦਾ ਹਾਂ। ਸਰਦਾਰ ਜੀ ਤੁਸਾਂ ਤਾਂ ਮੈਨੂੰ ਮੇਰੇ ਕਾਲਜ ਦੀ ਸੈਰ ਕਰਾ ਦਿਤੀ ਹੈ, ਸਾਨੂੰ ਤਾਂ ਬਾਅਦ ਵਿਚ ਵੀਜਾ ਨਹੀਂ ਮਿਲ ਸਕਿਆ। ਮੈਂ ਤਾਂ ਖਾਲਸਾ ਕਾਲਜ ਨੂੰ ਵੇਖਣ ਲਈ ਸਾਰੀ ਉਮਰ ਤਰਸਦਾ ਰਿਹਾ ਹਾਂ" ਉਸ ਨੇ ਮੇਰਾ ਹੱਥ ਘੁਟ ਕੇ ਫੜਿਆ ਹੋਇਆ ਸੀ ਅਤੇ ਉਹ ਕਾਹਲੀ-ਕਾਹਲੀ ਕਾਫੀ ਕੁਝ ਦਸ ਰਿਹਾ ਸੀ, ਮੈ ਉਸ ਨੂੰ ਕਾਫੀ ਜਜਬਾਤੀ ਹੋਇਆ ਵੇਖ ਰਿਹਾ ਸਾਂ। ਉਸ ਨੇ ਮੈਨੂੰ ਆਪਣੇ ਘਰ ਆਉਣ ਦਾ ਸਦਾ ਵੀ ਦਿਤਾ। ਮੇਰੇ ਕੋਲ ਖੜ੍ਹੀ ਸੰਤੋਸ਼ ਸਿੰਘ ਮੈਨੂੰ ਸਮੇਂ ਦੀ ਘਾਟ ਬਾਰੇ ਯਾਦ ਕਰਵਾ ਰਹੀ ਸੀ । ਮੈ ਘੜੀ ਵੇਖੀ, ਸਾਨੂੰ ਗਲ੍ਹਾਂ ਕਰਦਿਆਂ ਨੂੰ ਇਕ ਘੰਟਾ ਹੋ ਗਿਆ ਸੀ ਪਰ ਲਗਦਾ ਸੀ ਜਿਵੇਂ ਗੱਲ ਸ਼ੁਰੂ ਵੀ ਨਹੀਂ ਕੀਤੀ, ਮਜਬੂਰੀ ਵਸ ਮੈਂ ਜਦੋਂ ਉਸ ਕੋਲੋਂ ਛੁਟੀ ਲਈ ਤਾਂ ਮੈ ਵੇਖ ਰਿਹਾ ਸਾਂ, ਉਸ ਦੀਆ ਅੱਖਾਂ ਵਿਚ ਅਥਰੂ ਸਨ।