

ਕਿਸ ਨੂੰ ਮਿਲਾਂਗਾ ਅਤੇ ਕਿਸ ਨੂੰ ਜਾ ਕੇ ਦਸਾਂਗਾ
ਜਦ ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਮੈਂ, ਸ੍ਰੀ ਮਤੀ ਸ਼ਕੀਲਾਂ ਜੋ ਮੈਬਰ ਪਾਰਲੀਮੈਂਟ ਹਨ ਅਤੇ ਹਿੰਦ ਪਾਕ ਦੋਸਤੀ ਮੰਚ ਨਾਲ ਸਬੰਧਿਤ ਹਨ ਨੂੰ ਜਰੂਰ ਮਿਲ ਕੇ ਆਵਾਂ। ਲਹੌਰ ਵਿਚ ਮੈਂ ਗੁਰਦਵਾਰੇ ਸਿੰਘ ਸਿੰਘਣੀਆਂ ਜੋ ਰੇਲਵੇ ਸਟੇਸ਼ਨ ਲਹੌਰ ਦੇ ਬਿਲਕੁਲ ਹੀ ਕਰੀਬ ਸੀ ਉਥੇ ਠਹਿਰਿਆ ਹੋਇਆ ਸਾਂ। ਦੋ ਦਿਨਾਂ ਬਾਦ ਮੈਂ ਡਾ ਮਕਬੂਲ ਜੋ ਇਕ ਸਰਕਾਰੀ ਡਾਕਟਰ ਸੀ ਅਤੇ ਸ੍ਰੀ ਮਤੀ ਸ਼ੁਕੀਲਾ ਜੀ ਦਾ ਭਨੇਵਾਂ ਸੀ ਉਸਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਗੁਰਦੁਵਾਰੇ ਹੀ ਠਹਿਰੋ ਮੈ ਤੁਹਾਨੂੰ ਆ ਕੇ ਲੈ ਜਾਂਦਾ ਹਾਂ ਅਤੇ ਤੁਹਾਨੂੰ ਸ਼ੁਕੀਲਾਂ ਜੀ ਅਤੇ ਹੋਰ ਲੋਕਾਂ ਨੂੰ ਮਿਲਾ ਦਿਆਂਗ ਜਦੋ ਅਸੀਂ ਡਾਕਟਰ ਮਕਬੂਲ ਦੇ ਘਰ ਜਾ ਰਹੇ ਸਾਂ ਤਾਂ ਡਾਕਟਰ ਸਾਹਿਬ ਰਸਤੇ ਵਿਚ ਆ ਰਹੀਆਂ ਇਮਾਰਤਾਂ ਬਾਰੇ ਮੈਨੂੰ ਦਸ ਰਹੇ ਸਨ ਇਹ ਸਕਤਰੇਤ ਹੈ, ਇਹ ਹਾਈ ਕੋਰਟ, ਇਹ ਪੰਜਾਬ ਯੂਨੀਵਰਸਟੀ, ਪੰਜਾਬ ਯੂਨੀਵਰਸਟੀ ਦਾ ਆਰਕੀਟੈਕਟ ਮੈਨੂੰ ਥੋੜਾ ਜਿਹਾ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਮਿਲਦਾ ਲਗਿਆ। ਪੁਰਾਣੇ ਪੰਜਾਬ ਦੀ ਇਹੋ ਇਕ ਯੂਨੀਵਰਸਟੀ ਹੁੰਦੀ ਸੀ ਜਿਸ ਦਾ ਘੇਰਾ ਜੰਮੂ ਕਸ਼ਮੀਰ ਅਤੇ ਦਿਲੀ ਤੋਂ ਚਲ ਕੇ ਪਿਸ਼ਾਵਰ ਅਤੇ ਸਿੰਧ ਦੀ ਹਦ ਤਕ ਲਗਦਾ ਸੀ ਅਤੇ ਪੁਰਾਣੇਂ ਨੇਤਾਵਾਂ ਅਤੇ ਅਫਸਰਾਂ ਵਿਚੋਂ ਜਿਆਦਾ ਤਰ ਨੇ ਇਸ ਹੀ ਯੂਨੀਵਰਸਟੀ ਤੋਂ ਆਪਣੀਆਂ ਡਿਗਰੀਆਂ ਲਈਆਂ ਸਨ। ਫਿਰ ਚੀਫਸ ਕਾਲਜ ਜਿਸ ਵਿਚ ਉਸ ਵਕਤ ਦੇ ਮਹਾਰਾਜਿਆਂ, ਨਵਾਬਾਂ ਅਤੇ ਰਾਇਸਾਂ ਦੇ ਲੜਕੇ ਪੜਦੇ ਹੁੰਦੇ ਸਨ। ਇਸ ਕਾਲਜ ਦਾ ਆਲਾ ਦੁਆਲਾ ਬਹੁਤ ਉਚੇ-ਉਚੇ ਦਰਖਤਾਂ ਨਾਲ ਘਿਰਿਆ ਹੋਇਆ ਸੀ। ਜਿਸ ਵਿਚ ਇਕ ਬਹੁਤ ਖੂਬਸੂਰਤ ਪਰ ਪੁਰਾਣੀ ਇਮਾਰਤ ਵਾਲਾ ਹੋਸਟਲ ਸੀ। ਮੈਂ ਉਸ ਵੇਲੇ ਉਸ ਸਾਂਝੇ ਪੰਜਾਬ ਦੀ ਕਲਪਨਾ ਕਰ ਰਿਹਾ ਸਾਂ, ਜਿਸ ਵਕਤ ਉਸ ਵਕਤ ਦੇ ਮਹਾਂਰਾਜਿਆਂ ਦੀ ਔਲਾਦ, ਕਸ਼ਮੀਰ, ਪੰਜਾਬ, ਸਿੰਧ, ਪਿਸ਼ਾਵਰ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਤੋਂ ਇਥੇ ਆ ਕੇ ਪੜ੍ਹਦੀ ਹੁੰਦੀ ਸੀ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਵਿਚ ਵੀ ਇਸ ਤਰ੍ਹਾਂ ਦੀ ਵਾਹਗੇ ਵਾਲੀ ਲਕੀਰ ਦਾ ਕਦੀ ਖਿਆਲ ਵੀ ਨਹੀਂ ਆਇਆ ਹੋਵੇਗਾ।