

ਡਾ. ਸਾਹਿਬ ਦੇ ਬਚੇ ਮੇਰੇ ਕੋਲ ਬੈਠ ਗਏ ਅਤੇ ਡਾ. ਸਾਹਿਬ ਦੀ ਪਤਨੀ ਮੇਰੇ ਲਈ ਚਾਹ ਬਣਾ ਲਿਆਈ। ਡਾ. ਮਕਬੂਲ ਜਿਸ ਤਰ੍ਹਾਂ ਅੰਮ੍ਰਿਤਸਰ, ਜਲੰਧਰ ਦਿੱਲੀ ਆਦਿ ਬਾਰੇ ਪੁਛ ਰਿਹਾ ਸੀ ਉਸ ਤੋਂ ਲੱਗਦਾ ਸੀ ਕਿ ਉਸਨੂੰ ਚੜਦੇ ਪੰਜਾਬ ਬਾਰੇ ਜਾਨਣ ਦੀ ਬਹੁਤ ਵੱਡੀ ਖਾਹਿਸ਼ ਸੀ। ਦਰਿਆ ਬਿਆਸ, ਸਤਲੁਜ ਕਿਥੋਂ ਨਿਕਲਦੇ ਹਨ, ਪੰਜਾਬ ਵਿਚ ਕੁਝ ਖੇਤਰ ਪਹਾੜੀ ਵੀ ਹੋਵੇਗਾ ਬਾਰਸ਼ਾਂ ਦੇ ਦਿਨਾਂ ਵਿਚ ਇਹ ਦਰਿਆ ਬਹੁਤ ਭਰ ਜਾਂਦੇ ਹੋਣਗੇ, ਹੜ੍ਹ ਵੀ ਆਉਂਦੇ ਹੋਣਗੇ, ਪਿੰਡਾਂ ਵਿਚ ਵਿਦਿਆ ਦੀ ਕੀ ਸਥਿਤੀ ਹੈ, ਅਤੇ ਉਹ ਅਨੇਕਾਂ ਹੀ ਸੁਆਲ ਪੁਛ ਰਿਹਾ ਸੀ ਪਰ ਸ਼ੁਕੀਲਾ ਜੀ ਦਾ ਫੋਨ ਆਇਆ ਕਿ ਉਹ ਤਾਂ ਕਦੋਂ ਦੇ ਉਡੀਕ ਰਹੇ ਹਨ।
ਸ਼ੁਕੀਲਾ ਜੀ ਦਾ ਘਰ ਇਕ ਬਹੁਤ ਹੀ ਖੂਬਸੂਰਤ ਕੋਠੀ ਸੀ ਜਿਸ ਦੇ ਬਾਹਰ ਬੜੇ ਖੂਬਸੂਰਤ ਫਲਾਂ ਅਤੇ ਫੁਲਾਂ ਦੇ ਪੌਦੇ ਸਨ । ਉਹਨਾਂ ਦੇ ਡਰਾਇੰਗ ਰੂਮ ਵਿਚ ਇਕ ਵਡੇ ਸਾਈਜ ਦੀ ਉਹਨਾਂ ਦੇ ਪਤੀ ਦੀ ਫੋਟੋ ਲੱਗੀ ਹੋਈ ਸੀ ਜੋ ਸ੍ਰੀ ਭੁਟੋ ਦੇ ਸਮੇ ਕੇਂਦਰੀ ਮੰਤਰੀ ਰਹੇ ਸਨ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਸਨ।
"ਫਿਰੋਜਪੁਰ ਵੀ ਜਾਂਦੇ ਹੋਵੋਗੇ" ਸ਼ੁਕੀਲਾਂ ਜੀ ਨੇ ਮੈਨੂੰ ਪੁਛਿਆ, "ਹਾਂ, ਅਨੇਕਾਂ-ਵਾਰ ਗਿਆ ਹਾਂ ਮੈ ਜੁਆਬ ਦਿਤਾ "ਮੈ ਫਿਰੋਜਪੁਰ ਨੂੰ ਨਹੀਂ ਭੁੱਲ ਸਕਦੀ, ਮੇਰਾ ਜਨਮ ਉਥੋਂ ਦਾ ਹੈ, ਦਿਲੀ ਦਰਵਾਜੇ ਵਾਲੀ ਗਲੀ, ਗਲੀ ਦੇ ਵਿਚ ਜਿਆਦਾ ਘਰ ਮੁਸਲਮਾਨਾ ਦੇ ਸਨ ਪਰ ਕੁਝ ਕੁ ਹਿੰਦੂ, ਸਿੱਖਾਂ ਦੇ ਸਨ। ਚਾਚਾ ਚਾਨਣ ਸਿੰਘ ਮੇਰੇ ਅੱਬਾ ਦਾ ਪੱਗ-ਵੱਟ ਭਰਾ ਸੀ। ਸਾਨੂੰ ਉਹ ਕਾਫਲੇ ਨਾਲ ਮਿਲਾ ਕੇ ਗਿਆ ਸੀ। ਉਸ ਵਕਤ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ। ਪਰ ਚਾਚਾ ਚਾਨਣ ਸਿੰਘ ਅਤੇ ਉਸ ਦੇ ਵੱਡੇ ਭਰਾ ਨੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਸਾਨੂੰ ਕਾਫਲੇ ਨਾਲ ਮਿਲਾਇਆ ਸੀ। ਰਸਤੇ ਵਿਚ ਹਿੰਦੂ ਸਿਖਾਂ ਦੇ ਕੁਝ ਟੋਲਿਆਂ ਨੇ ਉਹਨਾਂ ਨੂੰ ਲਲਕਾਰਿਆ ਸੀ।