

ਸੁਣ ਕੇ ਮੈਕਸਵੈਲ ਦੇ ਬੁਲ੍ਹਾਂ 'ਤੇ ਵਿਅੰਗਪੂਰਨ ਮੁਸਕਾਨ ਪੱਸਰ ਗਈ ਅਤੇ ਉਹ ਕੁਝ ਦੇਰ ਸੋਚਦੇ ਰਹਿਣ ਤੋਂ ਬਾਅਦ ਬੋਲਿਆ :
"ਕਿਸੇ ਕੌਮ ਦੀ ਅਹਿਮੀਅਤ ਅਤੇ ਤਵਾਰੀਖ ਨਾ ਤੇ ਸਿਰਫ਼ ਕੁਝ ਹਕੀਕਤ 'ਚ ਵਾਪਰੀਆਂ ਘਟਨਾਵਾਂ 'ਤੇ ਅਧਾਰਿਤ ਹੁੰਦੀ ਹੈ ਅਤੇ ਨਾ ਹੀ ਉਸ ਦੀਆਂ ਕਦਰਾਂ-ਕੀਮਤਾਂ 'ਤੇ। ਇਹ ਦੋਵੇਂ ਇਕ ਦੂਜੇ ਉੱਤੇ ਨਿਰਭਰ ਹੁੰਦੇ ਹਨ, ਇਕ ਅੰਤਰ-ਸੰਬੰਧ ਹੁੰਦਾ ਹੈ ਇਕ ਦੂਜੇ ਨਾਲ। ਇਕ ਦੂਜੇ ਨੰ ਅਸਰ-ਅੰਦਾਜ਼ ਵੀ ਕਰਦੇ ਹਨ। ਪਰ ਇਸ ਸਿੱਖ ਰਾਜ ਦੇ ਕਾਇਮ ਹੋਣ ਦਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਦੇ ਸਿਰ 'ਤੇ ਬੰਨ੍ਹਣਾ ਤਾਰੀਖੀ ਅਤੇ ਬੁਨਿਆਦੀ ਗਲਤੀ ਹੋਵੇਗੀ।"
"ਉਹ ਕਿਸ ਤਰ੍ਹਾਂ ?" ਚਾਹੇ ਕੀਰਤ ਸਿੰਘ ਇਸ ਬਾਰੇ ਕਾਫੀ ਕੁਝ ਸਮਝਦਾ ਸੀ ਮੈਕਸਵੈਲ ਦੇ ਵਿਚਾਰ ਜਾਣਨ ਲਈ ਉਸ ਨੇ ਪੱਛਿਆ।
""ਮੈਂ ਦੱਸਦਾ ਹਾਂ ?" ਮੈਕਸਵੈਲ ਸਿੱਖ ਇਤਿਹਾਸ ਦੇ ਬਹੁਤ ਪਿੱਛੇ ਵੱਲ ਝਾਤ ਮਾਰਦਿਆਂ ਕਹਿਣ ਲੱਗਾ,"ਗੁਰੂ ਗੋਬਿੰਦ ਸਿੰਘ ਅਤੇ ਤੁਹਾਡਾ ਬੰਦਾ ਸਿੰਘ ਬਹਾਦਰ ਦੋ ਐਸੀਆ ਨੁਮਾਇਆ ਹਸਤੀਆਂ ਸਨ ਜੋ ਵਕਤ ਦੀਆਂ ਲਹਿਰਾਂ ਅਤੇ ਤਾਕਤਾਂ ਦੇ ਅੰਦਰ ਵੀ ਸਨ ਅਤੇ ਬਾਹਰ ਵੀ ਅਤੇ ਜਿਨ੍ਹਾਂ ਨੇ ਨਵੀਆਂ ਲਹਿਰਾਂ, ਨਵੀਆਂ ਤਾਕਤਾਂ ਨੂੰ ਜਨਮ ਦਿੱਤਾ: ਜੋ ਸਮੇਂ ਅਤੇ ਇਤਿਹਾਸ ਦੇ ਰੁੱਖ਼ ਨੂੰ ਨਵਾਂ ਮੋੜ ਦੇਣ 'ਚ ਕਾਮਯਾਬ ਹੋਏ। ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੀਆਂ ਪੈਦਾ ਕੀਤੀਆਂ ਤਾਕਤਾਂ ਨੂੰ ਇਕ ਸਾਂਚੇ ਵਿੱਚ ਢਾਲਿਆ ਅਤੇ ਇਕ ਸਿਖਰ ਤੱਕ ਲੈ ਗਿਆ। ਰਣਜੀਤ ਸਿੰਘ ਨੇ ਜੋ ਅਜ਼ਮਤ ਅਤੇ ਜੋ ਮਾਨਤਾ ਹਾਸਲ ਕੀਤੀ, ਉਹ ਪਹਿਲਾਂ ਦੀਆਂ, ਯਾਅਨੀ ਬੰਦੇ ਅਤੇ ਮਿਸਲਾਂ ਦੀਆਂ ਪਹਿਲਾਂ ਤੋਂ ਹੀ ਮੌਜੂਦ ਸ਼ਕਤੀਆਂ ਦੇ ਸਿਰ 'ਤੇ।"
"ਹਾਂ।" ਕੀਰਤ ਸਿੰਘ ਉਸ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਦਿਆਂ ਬੋਲਿਆ, "ਜੇ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵਾਪਸ ਨਾ ਆਉਂਦਾ ਤਾਂ ਸਿੱਖ ਕੌਮ ਖਿੰਡਰ-ਪੁੰਡਰ ਜਾਂਦੀ, ਜਾਂ ਕਬੀਰ ਪੰਥੀਆਂ, ਗੋਰਖ ਪੰਥੀਆਂ ਵਾਂਗ ਇਕ ਛੋਟਾ ਜਿਹਾ ਅਤੇ ਮਹੱਤਵਹੀਣ ਜਿਹਾ ਪੰਥ ਬਣ ਕੇ ਰਹਿ ਜਾਂਦੀ।"
ਮੈਕਸਵੈਲ ਕੁਝ ਹੱਸਦਿਆਂ ਕਹਿਣ ਲੱਗਾ, "ਲੱਗਦਾ ਹੈ ਕਿ ਤੁਸੀਂ ਕੀਰਤ ਸਿੰਘ ਜੀ, ਮੇਰੇ ਖ਼ਿਆਲਾਂ ਦੇ ਰੁਖ਼ ਨੂੰ ਕੁਝ-ਕੁਝ ਸਮਝਣ ਲੱਗ ਪਏ ਹੋ । ਹੁਣ ਤੁਸੀਂ ਹੀ ਵੇਖੋ ਧਿਆਨ ਨਾਲ, ਕਿ ਜੇ ਇਹੀ ਰਣਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਐਨ ਬਾਅਦ ਪੈਦਾ ਹੋਇਆ ਹੁੰਦਾ ਤਾਂ ਇਕ ਪਿੰਡ ਦੇ ਚੌਧਰੀ ਤੋਂ ਜ਼ਿਆਦਾ ਹੋਰ ਕੁਝ ਨਾ ਹੁੰਦਾ। ਜੇ ਬੰਦਾ ਬਹਾਦਰ ਦੇ ਬਾਅਦ ਹੁੰਦਾ ਤਾਂ ਵੀ ਉਹ ਐਡੀ ਵੱਡੀ ਸ਼ਖ਼ਸੀਅਤ ਨਾ ਹਾਸਲ ਕਰ ਸਕਦਾ। ਇਸ ਦੀ ਖ਼ੁਸ਼ਕਿਸਮਤੀ ਇਹ ਕਿ ਉਹ ਇਤਿਹਾਸ ਦੇ ਉਸ ਮੋੜ 'ਤੇ ਆ ਪੈਦਾ ਹੋਇਆ ਜਦ ਤੱਕ ਮੁਗ਼ਲੀਆ ਹਕੂਮਤ ਤਕਰੀਬਨ ਖ਼ਤਮ ਹੋ ਚੁੱਕੀ ਸੀ ਅਤੇ ਸਿੱਖ ਕੌਮ ਆਪਣੇ ਆਪ 'ਚ ਇਕ ਤਾਕਤ ਬਣ ਚੁੱਕੀ ਸੀ, ਉਹ ਤਾਕਤ ਜਿਸ ਦਾ ਬੂਟਾ ਬੰਦਾ ਬਹਾਦਰ ਨੇ ਲਾਇਆ, ਮਿਸਲਾਂ ਨੇ ਪਰਵਾਨ ਚੜ੍ਹਾਇਆ ਅਤੇ ਰਣਜੀਤ ਸਿੰਘ ਨੇ ਉਸ ਦਾ ਪੂਰਾ ਫ਼ਾਇਦਾ ਉਠਾਇਆ।