

"ਜਿਸ ਭੋਰੇ 'ਚੋਂ ਰੂਪ ਨੂੰ ਕੱਢਿਆ ਹੈ, ਫਿਲਹਾਲ ਇਸ ਨੂੰ ਉਸੇ ਭੋਰੇ 'ਚ ਸੁੱਟ ਦੇਵੋ।" ਕੀਰਤ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਆਖਿਆ।
ਲੱਖਣ ਸਿੰਘ ਦੇ ਉਸ ਸਥਾਨ ਤੋਂ ਚਲੇ ਜਾਣ ਤੋਂ ਬਾਅਦ ਕੀਰਤ ਸਿੰਘ ਨੇ ਰੂਪ ਕੌਰ ਵੱਲ ਤੱਕਦਿਆਂ ਪੁੱਛਿਆ:
"ਮੈਨੂੰ ਤੇਰੀ ਬਹੁਤ ਚਿੰਤਾ ਸੀ ਕਿ ਇਨ੍ਹਾਂ ਲੁਟੇਰਿਆਂ ਨੇ ਤੇਰੇ ਨਾਲ... ?"
"ਹੁਕਮ ਸਿੰਘ ਨੇ ਇਸ ਬਾਰੇ ਮੇਰਾ ਪੂਰਾ ਖਿਆਲ ਰੱਖਿਆ ਕਿ ਕੋਈ ਮੇਰੇ ਨਾਲ ਬਦਸਲੂਕੀ ਨਾ ਕਰੇ।"
"ਸੱਚਮੁੱਚ!"
"ਰੂਪ ਨੇ ਹਾਂ 'ਚ ਸਿਰ ਹਲਾਉਂਦਿਆਂ ਆਖਿਆ, "ਮੈਂ ਉਸ ਨਾਲ ਉਸ ਦੀ ਮਾਂ ਬਾਰੇ ਗੱਲਾਂ ਕਰਦੀ ਰਹੀ। ਕਿਸੇ ਤਰਾਂ ਮੈਂ ਅਨੁਮਾਨ ਲਾ ਲਿਆ ਸੀ ਕਿ ਉਹ ਇਸ ਦੁਨੀਆ 'ਚ ਸਿਰਫ਼ ਆਪਣੀ ਮਾਂ ਨੂੰ ਪਿਆਰ ਕਰਦਾ ਹੈ। ਮੈਂ ਵੀ ਉਸ ਦੀ ਹਮਦਰਦੀ ਜਿੱਤਣ ਲਈ ਆਪਣੀ ਮਾਂ ਦੀਆਂ ਅਤੇ 'ਮਾਂ' ਪ੍ਰਤੀ ਸ਼ਰਧਾ ਭਰੀਆਂ ਗੱਲਾਂ ਕਰਦੀ ਰਹੀ ।"
***
21
ਲਾਹੌਰ ਵਿੱਚ ਇਕ ਹਵੇਲੀ ਦੇ ਪਿੱਛੇ ਲੱਗਦੀ ਇਕ ਛੋਟੀ ਜਿਹੀ ਬਗੀਚੀ 'ਚ ਕੁਝ ਅੰਗਰੇਜ਼ ਅਫ਼ਸਰ ਕਾਨ੍ਹਿਆਂ ਦੀਆਂ ਬਣੀਆਂ ਕੁਰਸੀਆਂ 'ਤੇ ਬੈਠੇ ਵਲੈਤੀ ਸ਼ਰਾਬ ਦੀਆਂ ਚੁਸਕੀਆਂ ਭਰ ਰਹੇ ਸਨ । ਇਹ ਸਾਰੇ 'ਜਾਨ ਲਾਰੈਂਸ' ਦਾ ਜਨਮ ਦਿਨ ਮਨਾਉਣ ਲਈ ਇਸ ਦੇ ਘਰ ਇਕੱਠੇ ਹੋਏ ਸਨ । ਇਨ੍ਹਾਂ ਦੇ ਪਿੱਛੇ ਖੜ੍ਹੇ ਦੋ ਅਰਦਲੀ ਵੱਡੇ-ਵੱਡੇ ਪੱਖਿਆਂ ਨਾਲ ਇਨ੍ਹਾਂ 'ਤੇ ਹਵਾ ਕਰ ਰਹੇ ਸਨ । ਸੂਰਜ ਛਿਪ ਗਿਆ ਸੀ ਪਰ ਹਵਾ 'ਚ ਹਾਲੇ ਠੰਡਕ ਨਹੀਂ ਸੀ ਹੋਈ। ਲਾਹੌਰ ਦਰਬਾਰ ਦਾ ਅੰਗਰੇਜ਼ ਰੀਜੈਂਟ 'ਫਰੈਡਰਿਕ ਕਰੀ ਆਪਣੇ ਮੱਥੇ 'ਤੇ ਆਇਆ ਮੁੜ੍ਹਕਾ ਰੁਮਾਲ ਨਾਲ ਪੂੰਝਦਿਆਂ ਬੋਲਿਆ-
"ਉਫ਼ । ਬਹੁਤ ਗਰਮੀ ਹੈ। ਇੱਥੇ ਰਹਿਣ ਵਾਲੇ ਕਿਵੇਂ ਰਹਿੰਦੇ ਹੋਣਗੇ ਇਸ ਤਪਦੀ ਗਰਮੀ ਵਿੱਚ ?"
"ਜਿਵੇਂ ਅਸੀਂ ਇੰਗਲੈਂਡ ਦੀਆਂ ਬਰਫ਼ਾਂ 'ਚ ਰਹਿੰਦੇ ਹਾਂ।" ਜਾਨ ਲਾਰੈਂਸ ਨੇ ਜਵਾਬ ਦਿੱਤਾ, "ਇਹ ਤੇ ਆਦਤ ਦੀ ਗੱਲ ਹੈ।"
"ਮੈਂ ਤੇ ਪਛਤਾ ਰਿਹਾ ਹਾਂ ਇੱਥੇ ਆ ਕੇ।" ਕੋਲ ਬੈਠਾ ਮਾਰਸ਼ਮੈਨ ਕਹਿਣ ਲੱਗਾ, "ਜਿੰਨੀ ਵੀ ਛੇਤੀ ਹੋ ਸਕਿਆ ਵਾਪਸ ਚਲਿਆ ਜਾਵਾਂਗਾ।"
ਇੱਥੋਂ ਦੀ ਗਰਮੀ ਬਾਰੇ ਇਨ੍ਹਾਂ ਦੀਆਂ ਗੱਲਾਂ ਸੁਣਦਿਆਂ ਮੇਜਰ ਨੇਪੀਅਰ ਦੇ ਬੁੱਲ੍ਹਾਂ 'ਤੇ ਮੁਸਕਾਨ ਖਿੰਡ ਗਈ ਅਤੇ ਉਹ ਇੰਜ ਬੋਲਿਆ ਜਿਵੇਂ ਕੋਈ ਭੇਦਭਰੀ ਗੱਲ ਕਹਿ ਰਿਹਾ ਹੋਵੇ :
"ਤੁਹਾਨੂੰ ਮੈਂ ਸ਼ਾਇਦ ਦੱਸਿਆ ਨਹੀਂ। ਦੋ ਦਿਨ ਪਹਿਲਾਂ ਹੀ ਮੈਂ ਪਠਾਨਕੋਟ ਤੋਂ ਮੁੜਿਆ ਹਾਂ।"