ਕੀਰਤ ਸਿੰਘ ਨੇ ਆਪਣੇ ਸਿਪਾਹੀਆਂ ਸਾਹਮਣੇ ਅੱਧਾ ਕੁ ਸੱਚ ਦੱਸ ਦਿੱਤਾ ਕਿ ਇਹ ਮੁੰਡਾ ਨਹੀਂ, ਕੁੜੀ ਹੈ। ਇਸ ਦੀ ਜਾਨ ਨੂੰ ਖ਼ਤਰਾ ਹੈ ਤੇ ਕਿਸੇ ਸੁਰੱਖਿਅਤ ਸਥਾਨ 'ਤੇ ਪੁਚਾਉਣਾ ਹੈ। ਇਹ ਕੌਣ ਹੈ ? ਇਸ ਬਾਰੇ ਚੁੱਪ ਹੀ ਰਹੇ। ਸੁਣ ਕੇ ਸਾਰੇ ਸਿੱਖ ਘੋੜ ਚੜ੍ਹੇ ਉਸ ਵੱਲ ਹੈਰਾਨੀ ਅਤੇ ਉਤਸਕ ਨਜ਼ਰਾਂ ਨਾਲ ਤੱਕਣ ਲੱਗੇ। ਇਸ ਤੋਂ ਪਹਿਲਾਂ ਦਲੇਰ ਸਿੰਘ ਆਪਣੇ ਹਾਣ ਦੀ ਕਿਸੇ ਕੁੜੀ ਦੇ ਸੰਪਰਕ ਵਿੱਚ ਨਹੀਂ ਸੀ ਆਇਆ। ਇਸ ਵਿਚਾਰ ਨਾਲ ਕਿ ਕੁਝ ਦਿਨ ਤੱਕ ਉਹ ਇਸ ਕੁੜੀ ਨਾਲ ਰਹੇਗਾ, ਉਹ ਮਨ ਹੀ ਮਨ ਖੁਸ਼ ਹੋ ਰਿਹਾ ਸੀ।
"ਹੁਣ ਚੰਗਾ ਹੋਵੇ ਜੇ ਤੁਸੀਂ ਇਸ ਦੇ ਸਿਰ 'ਤੇ ਸਿੱਖਾਂ ਵਰਗੀ ਪੱਗ ਬੰਨ੍ਹ ਦੇਵੋ।" ਸ਼ਾਹ ਬਖ਼ਸ਼ ਆਪਣੇ ਝੋਲੇ 'ਚੋਂ ਇਕ ਪੱਗ ਅਤੇ ਖੰਡਾ ਕੱਢਦੇ ਹੋਏ ਬੋਲਿਆ।
ਕੀਰਤ ਸਿੰਘ ਨੇ ਰੂਪ ਦੇ ਸਿਰ ਤੋਂ ਕੁੱਲੇ ਦੁਆਲੇ ਵਲੀ ਹੋਈ ਪਠਾਣਾਂ ਵਾਲੀ ਪੱਗ ਉਤਾਰ ਕੇ ਸਿੱਖਾਂ ਵਰਗੀ ਪੱਗ ਬੰਨ੍ਹ ਦਿੱਤੀ। ਫੇਰ ਖੂਹ ਤੋਂ ਘੋੜਿਆਂ ਨੂੰ ਪਾਣੀ ਪਿਆ ਕੇ ਜਦ ਕੀਰਤ ਸਿੰਘ ਦਾ ਦਸਤਾ ਤੁਰਨ ਲੱਗਾ ਤਾਂ ਉਸ ਨੇ ਸ਼ਾਹ ਬਖ਼ਸ਼ ਤੋਂ ਪੁੱਛਿਆ:
“ਹੁਣ ਤੁਸੀਂ ਵਾਪਸ ਜਾਓਗੇ ਕਿ ਰੂਪ ਕੌਰ ਨਾਲ ?"
"ਮੈਂ ਰੂਪ ਨੂੰ ਉਸ ਪਿੰਡ 'ਚ ਛੱਡਣ ਤੱਕ ਤੁਹਾਡੇ ਨਾਲ ਹੀ ਜਾਵਾਂਗਾ।"
"ਚੱਲੋ ਇਹ ਵੀ ਵਧੀਆ। ਤੁਹਾਡੇ ਕੋਲੋਂ ਤੁਹਾਡੇ ਵਾਲਦ ਦਾ ਲਿਖਿਆ ਜੰਗਨਾਮਾ ਸੁਣਾਂਗਾ। ਉਂਝ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਇਹ ਜੰਗਨਾਮਾ ਖ਼ਾਲਸਾ ਫ਼ੌਜ ਅਤੇ ਆਮ ਲੋਕਾਂ 'ਚ ਕਾਫ਼ੀ ਮਸ਼ਹੂਰ ਅਤੇ ਮਕਬੂਲ ਹੋ ਗਿਆ ਹੈ, ਇਕ ਦੂਜੇ ਤੋਂ ਸੁਣਦਿਆਂ ਸੁਣਾਉਂਦਿਆਂ। ਜਿਨ੍ਹਾਂ ਨੂੰ ਇਕ ਦੋ ਬੰਦ ਹੀ ਯਾਦ ਹਨ ਉਹ ਇਸ 'ਚ ਆਪਣੇ ਵੱਲੋਂ ਕਈ ਕੁਝ ਜੋੜ ਦੇਂਦੇ ਹਨ। ਮੈਨੂੰ ਵੀ ਕੁਝ ਬੰਦ ਜ਼ਬਾਨੀ ਯਾਦ ਹਨ। ਉਹ ਸੱਚਮੁਚ ਤੁਹਾਡੇ ਵਾਲਦ ਸ਼ਾਹ ਮੁਹੰਮਦ ਹੁਰਾਂ ਦੇ ਲਿਖੇ ਹੋਏ ਹਨ ਇਸ ਬਾਰੇ ਕੁਝ ਨਹੀਂ ਕਹਿ ਸਕਦਾ।"
"ਹੁਣ ਗੱਲ ਤੁਰੀ ਤਾਂ ਮੈਂ ਇਹ ਵੀ ਦੱਸ ਦੇਵਾਂ" ਸ਼ਾਹ ਬਖ਼ਸ਼ ਕਹਿਣ ਲੱਗਾ, "ਫਰੰਗੀਆਂ ਅਤੇ ਰਾਣੀ ਜਿੰਦਾਂ ਨੂੰ ਵੀ ਇਸ ਜੰਗਨਾਮੇ ਦੇ ਲਿਖੇ ਜਾਣ ਬਾਰੇ ਸੂਹ ਮਿਲ ਗਈ ਹੋਈ ਹੈ। ਕੋਈ ਵੀ ਹੁਕਮਰਾਨ ਇਹ ਨਹੀਂ ਚਾਹਵੇਗਾ ਕਿ ਉਨ੍ਹਾਂ ਬਾਰੇ ਕੋਈ ਸੱਚੋ ਸੱਚ ਲਿਖੇ। ਅਤੇ ਹੁਣ ਮੇਰੇ ਵਾਲਦ ਸਾਹਿਬ ਨੇ ਉਸ ਜੰਗਨਾਮੇ ਦੀ ਇਕ ਨਕਲ ਮੇਰੇ ਸਪੁਰਦ ਕੀਤੀ ਹੈ ਤਾਂ ਕਿ ਮੈਂ ਇਸ ਨੂੰ ਕਿਸੇ ਮਹਿਫ਼ੂਜ਼ ਮੁਕਾਮ 'ਤੇ ਪੁਚਾ ਦੇਵਾਂ।"
"ਸਭ ਕੋਈ ਮਹਿਫ਼ੂਜ਼ ਸਥਾਨ 'ਤੇ ਪਹੁੰਚਣਾ ਚਾਹੁੰਦਾ ਹੈ ।" ਕੀਰਤ ਸਿੰਘ ਬੋਲਿਆ।
"ਲਾਹੌਰ 'ਚ ਹੁਣ ਕੌਣ ਮਹਿਫ਼ੂਜ਼ ਹੈ ਸਰਦਾਰ ਸਾਹਿਬ। ਅੱਜ ਜਿਸ ਨੂੰ ਹਾਥੀ ਉੱਤੇ ਸਵਾਰ ਅਤੇ ਪੱਗ 'ਤੇ ਕਲਗੀ ਲਾਈ ਵੇਖਦੇ ਹਾਂ, ਦੂਜੇ ਦਿਨ ਉਸ ਦੀ ਪੱਗ ਅਤੇ ਲਾਸ਼ ਮਿੱਟੀ 'ਚ ਰੁਲਦੀ ਦਿਸਦੀ ਹੈ।"
"ਸੱਚ ਕਿਹਾ ਸ਼ਾਹ ਜੀ, ਸੱਚ ਕਿਹਾ।" ਕੀਰਤ ਸਿੰਘ ਦੁੱਖ ਨਾਲ ਸਿਰ ਹਿਲਾਉਂਦਿਆਂ ਬੋਲਿਆ, "ਵੇਖਦੇ ਹੀ ਵੇਖਦੇ ਮਹਾਰਾਜਾ ਖੜਕ ਸਿੰਘ, ਕੁੰਵਰ ਨੌਨਿਹਾਲ ਸਿੰਘ, ਡੋਗਰੇ ਵਜ਼ੀਰ, ਸੰਧਾਵਾਲੀਏ ਖ਼ਤਮ ਹੋ ਗਏ। ਤੇ... ਤੇ ਹੁਣ ਕਵਿਤਾ-ਕਿੱਸਿਆਂ ਤੋਂ ਵੀ ਸਰਕਾਰਾਂ ਨੂੰ ਖ਼ਤਰਾ ਦਿਸਣ ਲੱਗਾ ।"