

"ਇਹ ਤੇ ਮੇਰੇ ਇਕ ਅਫ਼ਗਾਨ ਦੋਸਤ ਨਵਾਬ ਜ਼ਬਾਨ ਖਾਂ ਦੀ ਮਿਹਰਬਾਨੀ ਸੀ ਕਿ ਉਸ ਨੇ ਮੈਨੂੰ ਆਪਣੀ ਹਿਫਾਜ਼ਤ 'ਚ ਲੈ ਲਿਆ।" ਮੋਹਨ ਲਾਲ ਕਹਿਣ ਲੱਗਾ, ਤੁਹਾਨੂੰ ਯਾਦ ਹੋਵੇਗਾ ਕਿ ਹਾਲਾਤ ਕੁਝ ਸਾਜ਼ਗਾਰ ਹੋਣ ਤੋਂ ਬਾਅਦ ਮੈਂ ਦੱਰਾ ਬੌਲਾਨ ਵਲੋਂ ਹੋ ਕੇ ਇੱਥੇ ਆਇਆ ਸੀ।"
"ਯਾਦ ਕਿਉਂ ਨਹੀਂ।" ਸ਼ਾਮ ਸਿੰਘ ਬੋਲਿਆ, "ਉਦੋਂ ਹੀ ਤੇ ਤੂੰ ਇਸ ਕਿਲ੍ਹੇ 'ਚ ਆ ਕੇ ਸ਼ਰਨ ਲਈ ਸੀ।"
ਮੋਹਨ ਲਾਲ ਕੁਝ ਦੇਰ ਚੱਪਚਾਪ ਬੈਠਾ ਉਨ੍ਹਾਂ ਦਿਨਾਂ ਬਾਰੇ ਸੋਚਦਾ ਰਿਹਾ। ਫੇਰ ਉਸ ਨੂੰ ਦਰਵਾਜ਼ੇ ਦੇ ਪਰਦੇ ਪਿੱਛਿਓਂ ਆਵਾਜ਼ ਆਈ:
"ਮੈਨੂੰ ਵੀ ਯਾਦ ਏ ਬਰਾਦਰ, ਉਦੋਂ ਤੁਸਾਂ ਮੇਰੇ ਲਈ ਕਸ਼ਮੀਰ ਦੀ ਸ਼ਾਲ ਲਿਆ ਕੇ ਦੇਣ ਦਾ ਵਾਅਦਾ ਕੀਤਾ ਸੀ।"
"ਖੂਬ ਯਾਦ ਏ ਹਮਸ਼ੀਰਾ। ਈਸ਼ਵਰ ਦੀ ਕਿਰਪਾ ਹੈ ਮੇਰੇ 'ਤੇ ਕਿ ਇਹ ਮੋਹਨ ਲਾਲ ਨਾ ਕਿਸੇ ਦਾ ਅਹਿਸਾਨ ਭੁੱਲਦਾ ਹੈ ਅਤੇ ਨਾ ਹੀ ਕਿਸੇ ਨਾਲ ਕੀਤੇ ਵਾਅਦੇ ਨੂੰ।“
ਆਪਣੇ ਕਿਸੇ ਦੋਸਤ ਜਾਂ ਜਾਣਕਾਰ ਦੀ ਪਤਨੀ ਨੂੰ ਖ਼ੁਸ਼ ਕਰਨ ਲਈ ਕਸ਼ਮੀਰੀ ਸ਼ਾਲ ਜਾਂ ਕੋਈ ਹੋਰ ਤੋਹਫੇ ਲਿਆ ਕੇ ਦੇਣਾ ਮੋਹਨ ਲਾਲ ਦੀ ਇਕ ਖ਼ਾਸ ਜੁਗਤ ਸੀ।
"ਤਾਂ ਫੇਰ ।" ਜ਼ੀਨਤ ਹੱਸਦਿਆਂ ਬੋਲੀ।
ਮੋਹਨ ਲਾਲ ਨੇ ਆਪਣੇ ਝੋਲੇ 'ਚੋਂ ਆਪਣੇ ਨਾਲ ਲਿਆਂਦੀ ਸ਼ਾਲ ਕੱਢ ਕੇ ਦੋਹਾਂ ਹੱਥਾਂ ਨਾਲ ਫੜ ਕੇ ਖੋਲ੍ਹ ਦਿੱਤੀ।
"ਵਾਹ! ਐਨੀ ਖੂਬਸੂਰਤ।" ਕਹਿ ਕੇ ਜ਼ੀਨਤ ਪਰਦੇ ਪਿੱਛਿਓਂ ਨਿਕਲੀ ਅਤੇ ਸ਼ਾਲ ਉਸ ਦੇ ਹੱਥੋਂ ਲੈ ਕੇ ਆਪਣੇ ਦੁਆਲੇ ਵੱਲ ਲਈ। "ਕਿੱਥੋਂ ਲੈ ਕੇ ਆਏ ? ਕਸ਼ਮੀਰ ਤੋਂ?”
"ਨਹੀਂ, ਇਹ ਈਰਾਨ ਦੀ ਬਣੀ ਹੋਈ ਹੈ।"
"ਇਸ ਵੇਲੇ ਕਿਸ ਪਾਸਿਓਂ ਆ ਰਹੇ ਹੋ ?" ਸ਼ਾਮ ਸਿੰਘ ਨੇ ਪੁੱਛਿਆ, "ਕੀ ਹਾਲੇ ਵੀ ਫ਼ਰੰਗੀਆਂ ਲਈ ਜਸੂਸੀ ਕਰ ਰਹੇ ਹੋ ?"
"ਨਹੀਂ, ਬਰਨ ਦੀ ਮੌਤ ਤੋਂ ਬਾਅਦ ਮੈਂ ਫਰੰਗੀਆਂ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੋਇਆ ਹੈ। ਪਰ ਕੁਝ ਜੁੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਵੀ ਨਹੀਂ ਹੋ ਸਕਿਆ।"
"ਹੁਣ ਕੀ?"
"ਹੁਣ ਇਹ ਕਿ ਫਰੰਗੀਆਂ ਦੇ ਅਫ਼ਗਾਨਿਸਤਾਨ 'ਚੋਂ ਭੱਜਣ ਦੇ ਦੌਰਾਨ ਇਕ ਫਰੰਗੀ ਅਫ਼ਸਰ ਦੀ ਬੀਵੀ ਕਾਬਲ 'ਚ ਗਾਇਬ ਹੋ ਗਈ ਸੀ, ਜਾਂ ਆਪ ਹੀ ਆਪਣੇ ਪਤੀ ਨੂੰ ਛੱਡ ਕੇ ਨੱਸ ਗਈ ਸੀ। ਹਾਲੇ ਵੀ ਅਫ਼ਗਾਨਿਸਤਾਨ 'ਚ ਮੇਰੇ ਦੋਸਤ ਅਤੇ ਖੈਰਖੁਆਹ ਬਥੇਰੇ ਹਨ। ਬਸ ਉਸ ਦਾ ਥੌਅ-ਪਤਾ ਲਾਉਣ ਗਿਆ ਸਾਂ ।"
"ਫੇਰ ਮਿਲ ਗਈ ?" ਜ਼ੀਨਤ ਨੇ ਪੁੱਛਿਆ।
"ਮਿਲੀ ਵੀ ਤੇ ਨਹੀਂ ਵੀ ਮਿਲੀ । ਉਹ 'ਕੂਚੀ' ਨਾਮ ਦੇ ਖਾਨਾ-ਬਦੋਸ਼ਾਂ ਨਾਲ ਰੂਸ ਵੱਲ ਭੱਜ ਗਈ।"