Back ArrowLogo
Info
Profile

42

ਜੀਵਨ 'ਚ ਕਦੇ-ਕਦੇ ਐਸੇ ਪਲ ਵੀ ਆਉਂਦੇ ਹਨ ਜਦ ਮਨ 'ਚ ਪਈਆਂ ਗੁੰਝਲਾਂ ਆਪਣੇ ਆਪ ਸੁਲਝਨ ਲੱਗਦੀਆਂ ਅਤੇ ਅਵਚੇਤਨ 'ਚੋਂ ਕੁਝ ਆਵਾਜਾਂ ਉਭਰਨ ਲੱਗ ਪੈਂਦੀਆਂ ਹਨ, ਜਦੋਂ ਵਿਵੇਕ, ਵਿਚਾਰ ਸੌਂ ਜਾਂਦੇ ਅਤੇ ਕੋਈ ਹੋਰ ਹੀ ਸ਼ਕਤੀ ਜਾਗ੍ਰਤ ਹੋ ਉੱਠਦੀ ਹੈ, ਮਨ ਦੀ ਇਕ ਐਸੀ ਸੂਖ਼ਮ ਅਵਸਥਾ ਜਦੋਂ ਕਈ ਰਹੱਸ ਖੁੱਲ੍ਹਣ ਲੱਗਦੇ ਹਨ।

ਇਹ ਇਕ ਐਸੀ ਹੀ ਰਾਤ ਸੀ। ਰੂਪ ਆਪਣੇ ਕਮਰੇ 'ਚ ਲੰਮੀ ਪਈ ਸੀ, ਅੱਧੀ ਸੁੱਤੀ ਅੱਧੀ ਜਾਗੀ ਜਿਹੀ। ਬਾਹਰੋਂ ਰਾਤ ਦੀ ਰਾਣੀ ਦੇ ਫੁੱਲਾਂ ਦੀ ਖੁਸ਼ਬੋ ਆ ਰਹੀ ਸੀ ਅਤੇ ਆਕਾਸ਼ 'ਚ ਪੂਰਨਮਾਸ਼ੀ ਦਾ ਚੰਨ ਚਮਕ ਰਿਹਾ ਸੀ। ਇਸ ਅਰਧ-ਸੁਫਨ ਅਵਸਥਾ 'ਚ ਰੂਪ ਨੂੰ ਲੱਗਿਆ ਜਿਵੇਂ ਇਕ ਔਰਤ ਬੂਹਾ ਖੋਲ੍ਹ ਕੇ ਹੌਲੀ-ਹੌਲੀ ਪੈਰ ਚੁੱਕੀ ਉਸ ਵੱਲ ਵੱਧ ਰਹੀ ਹੈ। ਔਰਤ ਨੇ ਗੇਰੂਆ ਕੱਪੜੇ ਪਾਏ ਹੋਏ ਹਨ, ਬੌਧ ਭਿਖਣੀਆਂ ਵਾਲੇ। ਉਸ ਦੀਆਂ ਅੱਖਾਂ 'ਚ ਮਮਤਾ ਹੈ ਅਤੇ ਬੁੱਲ੍ਹਾਂ 'ਤੇ ਭੇਦ ਭਰੀ ਮੁਸਕਾਨ ਫੇਰ ਉਹ ਰੂਪ ਦੇ ਕੋਲ ਆ ਕੇ ਪਲੰਘ ਦੀ ਬਾਹੀ 'ਤੇ ਬੈਠ ਜਾਂਦੀ ਹੈ ਅਤੇ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਹੌਲੀ ਆਵਾਜ਼ 'ਚ ਬੋਲਣ ਲੱਗਦੀ,  "ਮੇਰੀ ਬੇਟੀ, ਮੇਰੀ ਸੋਹਣੀ ਰੂਪ.... ਮੈਨੂੰ ਮੁਆਫ ਕਰ ਦੇਣਾ....।"

ਰੂਪ ਉੱਠ ਕੇ ਬੈਠ ਗਈ ਅਤੇ ਬੌਂਦਲੀਆਂ ਅੱਖਾਂ ਨਾਲ ਇੱਧਰ-ਉੱਧਰ ਵੇਖਣ ਲੱਗੀ। ਉੱਥੇ ਕੋਈ ਨਹੀਂ ਸੀ, ਪਰ ਫੇਰ ਵੀ ਕਿਸੇ ਦੀ ਉਪਸਥਿਤੀ ਨੂੰ ਉਹ ਮਹਿਸੂਸ ਕਰ ਰਹੀ ਸੀ। ਫੇਰ ਇਕ ਚਮਤਕਾਰ ਵਾਂਗ ਉਸ ਨੂੰ ਸਭ ਕੁਝ ਸਾਫ਼ ਹੋ ਗਿਆ। ਤਾਂ ਉਹ ਗੁਲਬਾਨੋ ਮੇਰੀ ਮਾਂ ਸੀ...। ਅਤੇ ਫੇਰ ਉਸ ਦੇ ਧੁਰ ਅੰਦਰੋਂ ਇਕ ਹੂਕ, ਇਕ ਮੂਕ ਚੀਕ ਉਭਰੀ: ਮਾਂ...। ਓ ਮੇਰੀ ਮਾਂ....."

43

ਮੁਲਤਾਨ ਤੋਂ ਦੀਵਾਨ ਮੂਲ ਰਾਜ ਦਾ ਆਇਆ ਖ਼ਤ ਪੜ੍ਹ ਕੇ ਸ਼ਾਮ ਸਿੰਘ ਕੁਝ ਸੋਚਾਂ ਵਿਚ ਪੈ ਗਿਆ। ਨਾਲ ਹੀ ਉਸ ਦੇ ਬੁੱਲ੍ਹਾਂ 'ਤੇ ਹਲਕੀ ਜਿਹੀ ਮੁਸਕਾਨ ਖਿੰਡਰ ਗਈ।

"ਕੀ ਸੰਦੇਸ਼ ਆਇਆ।" ਕੋਲ ਬੈਠੇ ਕੀਰਤ ਸਿੰਘ ਨੇ ਪੁੱਛਿਆ।

"ਸ਼ਾਹ ਬਖ਼ਸ਼ ਹੁਰਾਂ ਨੂੰ ਬੁਲਾ ਕੇ ਲਿਆਓ।" ਸ਼ਾਮ ਸਿੰਘ ਨੇ ਕੋਲ ਖੜੇ ਇਕ ਖ਼ਿਦਮਤਗਾਰ ਨੂੰ ਕਿਹਾ। ਫੇਰ ਕੀਰਤ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਕੁਝ ਦਿਨ ਪਹਿਲਾਂ ਮੂਲ ਰਾਜ ਨੇ ਫਰੰਗੀਆਂ ਵਿਰੁੱਧ ਮੁਹਿੰਮ 'ਚ ਸਹਾਇਤਾ ਲਈ ਕਾਬੁਲ ਦੇ ਅਮੀਰ ਦੋਸਤ ਮੁਹੰਮਦ ਕੋਲ ਆਪਣਾ ਸੁਨੇਹਾ ਭੇਜਿਆ ਸੀ। ਉਸ ਨੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਆਪਣੇ ਪੁੱਤਰ ਮੁਹੰਮਦ ਅਕਬਰ ਖ਼ਾਂ ਨੂੰ ਭੇਜਿਆ ਹੈ।

"ਕਿੱਥੇ ਹੈ ਉਹ ਇਸ ਵੇਲੇ ?" ਕੀਰਤ ਸਿੰਘ ਨੇ ਪੁੱਛਿਆ।

181 / 210
Previous
Next