

50
ਸੂਰਜ ਕੁੰਡ ਦੇ ਕਿਲ੍ਹੇ 'ਚ ਤਿੰਨ ਚਾਰ ਦਿਨ ਰੁਕੇ ਰਹਿਣ ਤੋਂ ਬਾਅਦ ਕੀਰਤ ਸਿੰਘ ਵਾਪਸ ਸ਼ੁਜਾਹਬਾਦ ਅਤੇ ਸ਼ਾਮ ਸਿੰਘ ਮੁਲਤਾਨ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਰੂਪ ਕੌਰ ਨੇ ਸ਼ਾਮ ਸਿੰਘ ਨਾਲ ਮੁਲਤਾਨ ਜਾਣਾ ਸੀ। ਰੂਪ ਕੌਰ, ਯਾਅਨੀ ਮਹਾਰਾਜਾ ਰਣਜੀਤ ਸਿੰਘ ਦੀ ਤਥਾ ਕਥਿਤ ਪੱਤਰੀ ਜਾਂ ਪੋਤੀ ਦੇ ਇਸ ਜੰਗ 'ਚ ਸ਼ਾਮਲ ਹੋਣ ਦੀ ਖ਼ਬਰ ਮੁਲਤਾਨ ਅਤੇ ਇਸ ਦੇ ਆਲੇ ਦੁਆਲੇ ਫੈਲ ਚੁੱਕੀ ਸੀ। ਬਹੁਤ ਸਾਰੇ ਇੱਧਰ-ਉੱਧਰ ਫਿਰਦੇ ਅਤੇ ਲਾਹੌਰ ਤੋਂ ਫਰੰਗੀਆਂ ਨਾਲ ਆਏ ਸਿੱਖਾਂ ਦੇ ਕਈ ਫੌਜੀ ਦਸਤੇ ਰੂਪ ਕੌਰ ਕਾਰਨ ਮੁਲਤਾਨ ਦੇ ਕਿਲ੍ਹੇ 'ਚ ਜਮ੍ਹਾਂ ਹੁੰਦੇ ਜਾ ਰਹੇ ਸਨ।
ਇਸ ਵਿਸ਼ਵਾਸ ਨਾਲ ਕਿ ਉਹ ਗੁਲਬਾਨੋ ਦੀ ਕੁੱਖੋਂ ਜਨਮੀ ਮਹਾਰਾਜਾ ਰਣਜੀਤ ਸਿੰਘ ਦੀ ਧੀ ਹੈ, ਰੂਪ ਦੇ ਸੰਪੂਰਨ ਵਿਓਹਾਰ 'ਚ ਇਕ ਸੂਖਮ ਜਿਹਾ ਪਰਿਵਰਤਨ ਆ ਗਿਆ ਸੀ। ਚਾਹੇ ਉਸ ਦੇ ਮਨ ਵਿੱਚ ਕੀਰਤ ਸਿੰਘ ਤੋਂ ਵਿਛੜਨ ਦਾ ਦੁੱਖ ਜ਼ਰੂਰ ਸੀ ਪਰ ਹੁਣ ਉਹ ਆਪਣੇ ਆਪ ਨੂੰ ਇਕ ਸ਼ਤਰੰਜ ਦਾ ਮੋਹਰਾ ਜਾਂ ਕੋਈ ਵੱਖਰੀ ਤੇ ਬਾਹਰ ਦੀ ਔਰਤ ਦੀ ਬਜਾਏ ਸਿੱਖ ਰਾਜ ਦਾ ਮਹੱਤਵਪੂਰਨ ਅੰਗ ਸਮਝਣ ਲੱਗ ਪਈ ਸੀ। ਉਸ ਦੇ ਬੋਲਾਂ 'ਚ ਹੁਣ ਦ੍ਰਿੜ੍ਹਤਾ ਸੀ ਅਤੇ ਚਾਲ 'ਚ ਸ਼ਹਿਜ਼ਾਦੀਆਂ ਵਰਗਾ ਸਵੈ-ਵਿਸ਼ਵਾਸ।
ਇਕ ਵਾਰੀ ਉਸ ਨੂੰ ਆਪਣੀ ਮਾਂ ਗੁਲਬਾਨੋ ਉੱਤੇ ਗੁੱਸਾ ਆਇਆ, ਜਿਸ ਨੇ ਉਸ ਨੂੰ ਮਾਂ ਦੇ ਪਿਆਰ ਤੋਂ ਵਾਂਝਿਆਂ ਕਰਕੇ ਕਿਸੇ ਪਰਾਏ ਦੇ ਘਰ ਸੁੱਟ ਦਿੱਤਾ। ਪਰ ਫੇਰ ਸੋਚਿਆ ; ਜੋ ਹੋਇਆ ਠੀਕ ਹੀ ਹੋਇਆ। ਕੀ ਪਤਾ ਇਨ੍ਹਾਂ ਰਾਜਿਆਂ, ਸਰਦਾਰਾਂ ਦੀਆਂ ਕਿੰਨੀਆਂ ਹੋਰ ਧੀਆਂ ਜੰਮਦੀਆਂ ਹੀ ਮਾਰ ਦਿੱਤੀਆਂ ਗਈਆਂ ਹੋਣਗੀਆਂ ? ਜੇ ਮੈਂ 'ਪੁੱਤਰ' ਹੁੰਦੀ ਤਾਂ ਵੀ ਹੁਣ ਤੱਕ ਬਾਕੀ ਦੇ ਸ਼ਹਿਜ਼ਾਦਿਆਂ ਵਾਂਗ ਕਿਸੇ ਮਹੱਤਵਕਾਂਖੀ ਦੀ ਤਲਵਾਰ ਦੀ ਪਿਆਸ ਬੁਝਾ ਚੁੱਕੀ ਹੁੰਦੀ। ਹੁਣ ਮੇਰੇ ਪਾਸ ਇਕ ਜੀਵਨ ਹੈ ਜਿਊਣ ਲਈ ਅਤੇ ਇਕ ਮੰਤਵ ਵੀ : ਕਿ ਉਹ ਸੱਚਮੁਚ ਇਸ ਬਾਵੀ ਲੜਾਈ 'ਚ ਕੋਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ?
ਕੀਰਤ ਸਿੰਘ ਪ੍ਰਤੀ ਉਸ ਦੇ ਵਿਵਹਾਰ 'ਚ ਕੁਝ ਬਹੁਤ ਅੰਤਰ ਨਹੀਂ ਆਇਆ, ਸਿਵਾਏ ਇਸ ਦੇ ਕਿ ਪਹਿਲਾਂ ਦੀ ਹਲਕੀ ਜਿਹੀ ਹੀਣ ਭਾਵਨਾ ਦੀ ਥਾਵੇਂ ਹੁਣ ਸਵੈ-ਵਿਸ਼ਵਾਸ ਦੇ ਨਾਲ-ਨਾਲ ਥੋੜ੍ਹਾ ਜਿਹਾ ਸਵੈ-ਅਭਿਮਾਨ ਵੀ ਆ ਗਿਆ ਸੀ। ਉਹ ਮਨੋ ਚਾਹੁੰਦੀ ਸੀ ਕਿ ਕੀਰਤ ਸਿੰਘ ਵਾਪਸ ਸ਼ੁਜਾਹਬਾਦ ਜਾਣ ਦੀ ਬਜਾਏ ਉਨ੍ਹਾਂ ਨਾਲ ਮੁਲਤਾਨ ਚੱਲੇ। ਜਿਸ ਵੇਲੇ ਕੀਰਤ ਸਿੰਘ ਸੁਜਾਹਬਾਦ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਹ ਸ਼ਾਮ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲੀ :
"ਕੀ ਕੀਰਤ ਸਿੰਘ ਦਾ ਸ਼ੁਜਾਹਬਾਦ ਦੀ ਬਜਾਏ ਮੁਲਤਾਨ ਜਾਣਾ ਜ਼ਿਆਦਾ ਬਿਹਤਰ ਨਹੀਂ ਹੋਵੇਗਾ ?" ਹੁਣ ਉਹ ਇਨ੍ਹਾਂ ਦੀਆਂ ਬਹਿਸਾਂ 'ਚ ਹਿੱਸਾ ਵੀ ਲੈਣ ਲੱਗੀ ਸੀ।