

53
ਮੁਲਤਾਨ ਲੜਾਈ ਖ਼ਤਮ ਹੁੰਦਿਆਂ ਦੀ ਘੁਸਮੁਸਾ ਹੋ ਗਿਆ। ਕੁਝ ਅਵਾਰਾ ਕੁੱਤੇ ਗਿੱਦੜ ਅਤੇ ਗਿਰਝਾਂ ਮੁਰਦਿਆਂ ਦਾ ਮਾਸ ਖਾਣ ਲਈ ਖਿੱਲਰੀਆਂ ਹੋਈਆਂ ਲਾਸ਼ਾਂ ਚ ਆਣ ਵੜੇ। ਪਹਿਲਾਂ ਤਾਂ ਕਿਸੇ ਇਕ ਲਾਸ਼ ਨੂੰ ਖਾਣ ਲਈ ਤਿੰਨ ਚਾਰ ਕੁੱਤੇ ਆਪਸ 'ਚ ਲੜਨ ਲੱਗੇ ਪਰ ਜਦ ਉਨ੍ਹਾਂ ਵੇਖਿਆ ਕਿ ਇੱਥੇ ਤੇ ਅਣਗਿਣਤ ਲਾਸ਼ਾਂ ਹਨ ਤਾਂ ਉਨ੍ਹਾਂ ਨੇ ਆਪਸ ਚ ਲੜਨਾ ਬੰਦ ਕਰ ਦਿੱਤਾ ਅਤੇ ਆਪਣੀ-ਆਪਣੀ ਦਾਅਵਤ ਦਾ ਆਨੰਦ ਮਾਣਨ ਲੱਗੇ।
ਇਨ੍ਹਾਂ ਲਾਸ਼ਾਂ ਦੇ ਮੈਦਾਨ ਤੋਂ ਕੁਝ ਦੂਰ ਅੱਠ ਦਸ ਮੁੰਡੇ ਕੁੜੀਆਂ ਮੁਰਦਿਆਂ ਅਤੇ ਜਖਮੀਆਂ ਦੀਆਂ ਜੇਬਾਂ ਫਰੋਲਦੇ, ਚਾਂਦੀ, ਸੋਨੇ ਦੇ ਕੈਂਠੇ, ਮੁੰਦਰੀਆਂ ਉਤਾਰਦੇ ਫਿਰ ਰਹੇ ਸਨ। ਇਹ ਉਹੀ ਸਨ, ਜਿਨ੍ਹਾਂ ਨੂੰ ਕੀਰਤ ਸਿੰਘ ਨੇ ਸੂਰਜ ਕੁੰਡ ਅਤੇ ਸ਼ਾਹ ਬਖਸ਼ ਤੇ ਸ਼ੁਜਾਹਬਾਦ ਦੀਆਂ ਲੜਾਈਆਂ ਤੋਂ ਬਾਅਦ ਵੇਖਿਆ ਸੀ।
ਅਚਾਨਕ ਇਕ ਜ਼ਖਮੀ ਜਾਂ ਮ੍ਰਿਤਕ ਦੇਹ ਨੂੰ ਵੇਖ ਕੇ ਇਕ ਮੁੰਡਾ ਬੋਲਿਆ:
"ਕੁੜੀ, ਸੁਰਮੀ ਕੁੜੀ।"
"ਕੁੜੀ ਕੀ ?"
"ਮਰਦ ਸਿਪਾਹੀਆਂ ਦੀਆਂ ਦੇਹਾਂ 'ਚ ਇਕ ਕੁੜੀ ਦੀ ਦੇਹ ।"
ਸੁਰਮੀ ਮ੍ਰਿਤਕ ਦੇਹਾਂ 'ਤੇ ਪੈਰ ਧਰਦੀ, ਛਾਲਾਂ ਮਾਰਦੀ ਦੂਜੇ ਹੀ ਪਲ 'ਉਸ ਦੇਹ ਕੋਲ ਆ ਪਹੁੰਚੀ। ਸਰੀਰ ਨੂੰ ਹੱਥ ਲਾ ਕੇ ਵੇਖਿਆ, ਮੱਥਾ ਗਰਮ ਨਬਜ਼ ਵੀ ਚੱਲ ਰਹੀ ਸੀ। ਮੋਢੇ 'ਚੋਂ ਲਹੂ ਵਗ ਕੇ ਕੱਪੜਿਆਂ 'ਤੇ ਲਹੂ ਦੀ ਪਾਪੜੀ ਜਮ ਗਈ ਹੋਈ ਸੀ। ਕੁੜੀ ਨੇ ਆਪਣੀ ਚਮੜੇ ਦੀ ਛੋਟੀ ਜਿਹੀ ਮਸ਼ਕ 'ਚੋਂ ਪਾਣੀ ਕੱਢ ਕੇ ਉਸ ਉੱਤੇ ਪਾਣੀ ਦੇ ਛਿੱਟੇ ਮਾਰੇ, ਬੁੱਲ੍ਹ ਖੋਲ੍ਹ ਕੇ ਪਾਣੀ ਪਿਲਾਇਆ ਅਤੇ ਹਿਲਾਇਆ ਜੁਲਾਇਆ।
ਥੋੜ੍ਹੀ ਦੇਰ ਬਾਅਦ ਬੇਸੁਧ ਪਈ ਕੁੜੀ ਦੇ ਬੁੱਲ੍ਹ ਹਿੱਲੇ, ਅੱਖਾਂ ਖੁੱਲ੍ਹੀਆਂ ਅਤੇ ਇਕ ਖਿੱਲਰੇ ਹੋਏ ਵਾਲਾਂ ਵਾਲੀ ਅਜੀਬ ਜਿਹੀ ਕੁੜੀ ਨੂੰ ਆਪਣੇ ਸਾਹਮਣੇ ਵੇਖ ਕੇ ਉੱਠ ਕੇ ਬੈਠਣ ਦਾ ਯਤਨ ਕਰਨ ਲੱਗੀ। ਸੁਰਮੀ ਨੇ ਆਪਣੀ ਬਾਂਹ ਦਾ ਸਹਾਰਾ ਦੇ ਕੇ ਉਸ ਨੂੰ ਬਿਠਾਇਆ। ਆਪਣੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਰੂਪ ਕੌਰ ਦੇ ਮੂੰਹੋਂ ਇਕ ਹਲਕੀ ਜਿਹੀ ਚੀਕ ਨਿਕਲ ਗਈ। ਫੇਰ ਉਸ ਨੇ ਆਪਣੀਆਂ ਲੱਤਾਂ ਅਤੇ ਹੱਥਾਂ ਨੂੰ ਹਿਲਾਇਆ ਅਤੇ ਉਸ ਨੇ ਮਨ ਹੀ ਮਨ ਆਖਿਆ : "ਕੀ ਮੈਂ ਸੱਚਮੁਚ ਜਿਊਂਦੀ ਹਾਂ...?”
ਸੁਰਮੀ ਨੇ ਰੂਪ ਦੇ ਮੋਢੇ ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਬੋਲੀ, "ਸ਼ੁਕਰ ਏ, ਜ਼ਖ਼ਮ ਡੂੰਘੇ ਬੇਸ਼ਕ ਹਨ ਪਰ ਘਾਤਕ ਨਹੀਂ। ਗੋਲੀ ਮੋਢੇ ਕੋਲੋਂ ਪਾਰ ਹੋ ਗਈ ਲੱਗਦੀ ਹੈ। ਪਰ ਤੂੰ ਇੱਥੇ ਕਿਵੇਂ ?"
ਰੂਪ ਚੁੱਪ ਰਹੀ। ਸੁਰਮੀ ਨੇ ਸਮਝਿਆ ਪੀੜ ਅਤੇ ਕਮਜ਼ੋਰੀ ਕਾਰਨ ਸ਼ਾਇਦ ਬੋਲਣਾ ਮੁਸ਼ਕਲ ਹੋ ਰਿਹਾ ਹੈ।