"ਗੁਰਬਖ਼ਸ਼ ਸਿੰਘ ਬੇਦੀ ।" ਕੀਰਤ ਸਿੰਘ ਨੇ ਉਸ ਵੱਲ ਵੇਖਦਿਆਂ ਅਤੇ ਪਛਾਣਦਿਆਂ ਮਨ ਹੀ ਮਨ ਆਖਿਆ। ਉਹ ਜਾਣਦਾ ਸੀ ਕਿ ਪੰਜਾਬ ਦੇ ਬਹੁਤ ਸਾਰੇ ਕਾਫ਼ਲੇ ਬੇਦੀਆਂ, ਭੱਲਿਆਂ ਦੀ ਦੇਖ ਰੇਖ 'ਚ ਚਲਦੇ ਹਨ। ਕਾਰਨ ਇਹ ਕਿ ਗੁਰੂ ਘਰਾਂ ਨਾਲ ਸੰਬੰਧ ਰੱਖਣ ਕਰਕੇ ਇਨ੍ਹਾਂ ਪ੍ਰਤੀ ਲੋਕਾਂ ਦੇ ਦਿਲਾਂ 'ਚ ਖ਼ਾਸ ਆਦਰ ਸੀ ਜਿਸ ਨੂੰ ਚੋਰ-ਲੁਟੇਰੇ ਵੀ ਮੰਨਦੇ ਸਨ। ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਨਾਨਕ-ਪੰਥੀ ਕਿਹਾ ਜਾਂਦਾ ਅਤੇ ਮੱਧ-ਪ੍ਰਦੇਸ਼, ਰਾਜਸਥਾਨ ਅਤੇ ਦੱਖਣ ਆਦਿ ਦੇ ਠੱਗਾਂ ਦੇ ਗ੍ਰੋਹਾਂ ਵਿੱਚ ਵੀ ਨਾਨਕ-ਪੰਥੀ ਕਾਫ਼ਲਿਆਂ, ਮੁਸਾਫ਼ਰਾਂ ਨੂੰ ਲੁੱਟਣ ਤੋਂ ਮਨਾਹੀ ਸੀ।
"ਸਤਿ ਸ੍ਰੀ ਅਕਾਲ ਬੇਦੀ ਜੀ।" ਕੀਰਤ ਸਿੰਘ ਰੁੱਖਾਂ ਦੀ ਓਟ 'ਚੋਂ ਬਾਹਰ ਨਿਕਲਦਿਆਂ ਅਤੇ ਕਾਫ਼ਲੇ ਕੋਲ ਜਾਂਦਿਆਂ ਬੋਲਿਆ।
“ਆ ਬਈ ਕੀਰਤ ਸਿਆਂ, ਬੜੇ ਚਿਰਾਂ ਬਾਅਦ ਦਿਸਿਆਂ ! ਅੱਜ ਕਿਸ ਪਾਸੇ ਚਾਲੇ ਪਾ ਦਿੱਤੇ ਫ਼ੌਜਾਂ ਨੇ ?"
"ਬੱਸ ਐਵੇ ਇਕ ਕੰਮ ਜਾ ਰਿਹਾ ਹਾਂ ਸ਼ੁਜਾਹਬਾਦ ਵੱਲ।"
ਬੇਦੀ ਗੁਰਬਖਸ਼ ਸਿੰਘ ਨੇ ਕੀਰਤ ਦੇ ਘੋੜ-ਚੜ੍ਹਿਆਂ ਵੱਲ ਤੱਕਿਆ ਅਤੇ ਬੋਲਿਆ, "ਮੇਰੀ ਪੇਸ਼ਕਸ਼ ਹਾਲੇ ਵੀ ਤੇਰੇ ਲਈ ਉਸੇ ਤਰ੍ਹਾਂ ਕਾਇਮ ਹੈ। ਮੈਨੂੰ ਤੇਰੇ ਵਰਗੇ ਆਦਮੀ ਦੀ ਲੋੜ ਹੈ। ਪੂਰੇ ਕਾਫਲੇ ਦਾ ਦਸਤਾ ਦੇ ਦੇਵਾਂਗਾ ਤੈਨੂੰ।"
"ਲੋੜ ਪਈ ਤਾਂ ਜਰੂਰ ਹਾਜ਼ਰ ਹੋ ਜਾਵਾਂਗਾ। ਪਰ ਹੁਣ ਕਿਸ ਪਾਸਿਓਂ?”
"ਉਂਜ ਤਾਂ ਇਹ ਕਾਫਲਾ ਈਰਾਨ ਤੋਂ ਤੁਰਿਆ ਸੀ। ਪਰ ਮੇਰੀ ਦੇਖ ਰੇਖ 'ਚ ਇਹ ਜਲਾਲਾਬਾਦ ਤੋਂ ਹੀ ਆਇਆ ਹੈ।"
"ਰਸਤੇ 'ਚ ਕੋਈ ਖ਼ਤਰੇ ਵਾਲੀ ਘਟਨਾ ਤਾਂ ਨਹੀਂ ਪੇਸ਼ ਆਈ। ਅੱਜ-ਕੱਲ੍ਹ ਦਾ ਵਾਤਾਵਰਨ ਤਾਂ...।
"ਜਦ ਤੱਕ ਕਾਫਲੇ ਦੇ ਗੱਡਿਆਂ ਦੀ ਗਿਣਤੀ ਪੰਜ ਸੌ ਨਾ ਹੋ ਜਾਵੇ ਤਦ ਤਕ ਅਸੀਂ ਤੁਰਦੇ ਨਹੀਂ । ਛੋਟੇ ਮੋਟੇ ਗ੍ਰੋਹਾਂ ਦਾ ਤਾਂ ਹੌਸਲਾ ਹੀ ਨਹੀਂ ਪੈਂਦਾ ਹਮਲਾ ਕਰਨ ਦਾ। ਅਤੇ ਜਦੋਂ ਕਿਸੇ ਕਿਲ੍ਹੇਦਾਰ ਦੇ ਖੇਤਰ 'ਚੋਂ ਨਿਕਲਣ ਲਗਦੇ ਹਾਂ ਤਾਂ ਮਸੂਲ-ਚੁੰਗੀ ਦੇ ਇਲਾਵਾ ਉਸ ਦੇ ਖੇਤਰ 'ਚੋਂ ਹਿਫਾਜ਼ਤ ਨਾਲ ਲੰਘਣ ਦੇ ਇਵਜ਼ 'ਚ ਕਾਇਦੇ ਅਨੁਸਾਰ ਰਕਮ ਵੀ ਚੁਕਾ ਦੇਂਦੇ ਹਾਂ?"
ਕੁਝ ਦੇਰ ਗੱਲਾਂ ਕਰਦੇ ਰਹਿਣ ਤੋਂ ਬਾਅਦ ਜਦ ਕੀਰਤ ਸਿੰਘ ਬੇਦੀ ਗੁਰਬਖਸ ਸਿੰਘ ਤੋਂ ਵਿਦਾ ਲੈਣ ਲੱਗਾ ਤਾਂ ਉਸ ਆਖਿਆ:
"ਮੇਰਾ ਇਕ ਕਾਫਲਾ ਅਗਲੀਆਂ ਗਰਮੀਆਂ ਚ ਕੁੱਲੂ-ਲਦਾਖ਼ ਤੋਂ ਹੋ ਕੇ ਸਮਰਕੰਦ ਵੱਲ ਜਾ ਰਿਹਾ ਹੈ, ਗੁੜ, ਬੇਰ, ਦਰੀਆਂ-ਖੇਸ ਵਗੈਰਾ ਲੈ ਕੇ। ਸਿਵਾਏ ਉੱਚਿਆਂ-ਉੱਚਿਆਂ ਪਹਾੜਾਂ ਦੇ ਹੋਰ ਕੋਈ ਖ਼ਤਰਾ ਨਹੀਂ । ਜੇ ਮਨ ਕਰੇ ਤਾਂ ਆ ਜਾਣਾ। ਤੈਨੂੰ ਮੇਰੇ ਡੇਰੇ ਦਾ ਤਾਂ ਪਤਾ ਹੀ ਹੈ- ਨੂਰਪੁਰ ਬੇਦੀਆਂ।" ਫੇਰ ਕੁਝ ਹੋਰ ਜੋੜਦਿਆਂ ਬੋਲਿਆ:
"ਹਾਂ, ਅਤੇ ਜਿਸ ਰਸਤਿਓਂ ਅਸੀਂ ਆਏ ਹਾਂ ਉਸ ਰਸਤਿਓਂ ਨਹੀਂ ਜਾਣਾ। ਅੱਗੇ ਜੰਗਲ 'ਚ ਇਕ ਬਹੁਤ ਵੱਡਾ ਟੋਲਾ ਹੈ, ਹਥਿਆਰਬੰਦ ਲੁਟੇਰਿਆਂ ਦਾ ।"