ਕੀਰਤ ਸਿੰਘ ਨੇ ਫਰੰਗੀ ਦਾ ਸਿਰ ਚੁੱਕਿਆ ਅਤੇ ਆਪਣੇ ਵੱਲ ਆ ਰਹੇ ਫਰੰਗੀਆਂ ਵੱਲ ਨਫ਼ਰਤ ਨਾਲ ਤੱਕਦਿਆਂ ਸਿਰ ਉਨ੍ਹਾਂ ਵਲ ਵਗਾਹ ਮਾਰਿਆ। ਵੱਧਦੇ ਆ ਰਹੇ ਗੋਰੇ ਕੁਝ ਪਲ ਲਈ ਉੱਥੇ ਹੀ ਜੜ ਹੋ ਕੇ ਖੜੇ ਰਹਿ ਗਏ। ਫੇਰ ਸੰਭਲੇ ਅਤੇ ਕ੍ਰੋਧ ਨਾਲ ਭਰੇ ਸਿੰਘਾਂ ਉੱਤੇ ਟੁੱਟ ਪਏ। ਕੀਰਤ ਸਿੰਘ ਦੇ ਸੱਤੇ ਸਿਪਾਹੀ ਵੀ ਤਿਆਰ ਖੜੇ ਸਨ।
ਇਕ ਛੋਟਾ ਜਿਹਾ ਘਮਾਸਾਨ ਯੁੱਧ ਸ਼ੁਰੂ ਹੋ ਗਿਆ। ਕੀਰਤ ਸਿੰਘ ਦੀ ਭਾਰੀ ਖੰਡਕ ਦਾ ਵਾਰ ਜਿਸ ਉੱਤੇ ਪੈਂਦਾ, ਵੱਢ ਕੇ ਪਾਰ ਹੋ ਜਾਂਦਾ । ਕੁਝ ਪਲਾਂ 'ਚ ਹੀ ਸੱਤ-ਅੱਠ ਫਰੰਗੀਆਂ ਦੀਆਂ ਲਹੂ ਚ ਭਿੱਜੀਆ ਲੋਥਾਂ ਧਰਤੀ 'ਤੇ ਖਿੱਲਰੀਆਂ ਪਈਆਂ ਸਨ। ਕੀਰਤ ਸਿੰਘ ਦੇ ਸੱਤ ਸਾਥੀਆਂ ਚੋਂ ਵੀ ਪੰਜ ਮਾਰੇ ਗਏ। ਜ਼ਖ਼ਮੀ ਅਤੇ ਬਚੇ ਹੋਏ ਦੋ ਫਰੰਗੀ ਡਰ ਦੇ ਮਾਰੇ ਭੱਜ ਗਏ। ਕੀਰਤ ਸਿੰਘ ਦੇ ਬਚੇ ਹੋਏ ਦੋ ਸਾਥੀਆਂ ਵਿੱਚੋਂ ਇਕ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਅਤੇ ਉਸ ਤੋਂ ਬਾਅਦ ਲੜਨ ਦੇ ਯੋਗ ਨਹੀਂ ਰਿਹਾ। ਦੂਜਾ ਦੁਰਜਨ ਸਿੰਘ, ਜੋ ਹੁਣ ਵੀ ਉਸ ਦੇ ਨਾਲ ਸੀ।
ਇਸ ਲੜਾਈ ਦੇ ਦੋ ਦਿਨ ਬਾਅਦ ਜਦ ਕੀਰਤ ਸਿੰਘ ਆਪਣੇ ਜ਼ਖ਼ਮੀ ਹੋ ਗਏ ਸਾਥੀ ਨੂੰ ਇਸ ਦੇ ਘਰ ਪਚਾਉਣ ਲਈ ਲਿਜਾ ਰਿਹਾ ਸੀ ਤਾਂ ਦੁਰਜਨ ਸਿੰਘ ਬੋਲਿਆ, ਜਿਵੇਂ ਉਹ ਆਪਣੇ ਆਪ ਨੂੰ ਹੀ ਕੋਈ ਸਵਾਲ ਕਰ ਰਿਹਾ ਹੋਵੇ:
"ਮੈਨੂੰ ਸਮਝ ਨਹੀਂ ਆਉਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਡੋਗਰੇ, ਭਈਏ, ਮਿਸਰ ਹੀ ਮਿਲੇ ਖਾਲਸਾ ਰਾਜ ਦੀ ਰੱਖਿਆ ਕਰਨ ਲਈ?"
"ਇਸ ਬਾਰੇ ਤਾਂ ਉਹੀ ਜਾਣਨ, ਮੈਂ ਭਲਾ ਕੀ ਕਹਿ ਸਕਦਾ ਹਾਂ। ਪਰ ਮੇਰਾ ਵਿਚਾਰ ਹੈ ਕਿ ਮਹਾਰਾਜ ਨੂੰ ਅਖੀਰਲੇ ਦਹਾਕਿਆਂ 'ਚ ਸਿੱਖ ਸਰਦਾਰਾਂ 'ਤੇ ਭਰਸਾ ਨਹੀਂ ਸੀ ਰਿਹਾ ਅਤੇ ਆਤਮ-ਵਿਸ਼ਵਾਸ ਵੀ ਗਵਾ ਚੁੱਕੇ ਸਨ।"
"ਇਹ ਕਿਉਂ।"
"ਕਿਉਂਕਿ ਉਨ੍ਹਾਂ ਸਰਦਾਰਾਂ ਦੀਆਂ ਆਪਣੀਆਂ ਜਗੀਰਾਂ ਸਨ, ਆਪਣੇ ਨਿੱਜੀ ਦਸਤੇ ਅਤੇ ਤਾਕਤ ਸੀ। ਮਿਸਲਾਂ ਵਾਲੇ ਸਰਦਾਰਾਂ ਨੂੰ ਤਾਂ ਮਹਾਰਾਜੇ ਨੇ ਆਪ ਹੀ ਖਤਮ ਕਰ ਦਿੱਤਾ ਹੋਇਆ ਸੀ । ਜਾਂ ਇਹ ਵੀ ਕਹਿ ਸਕਦੇ ਹਾਂ ਕਿ ਡੋਗਰਿਆਂ, ਮਿਸਰਾਂ ਨੇ ਸਰਕਾਰ ਨੂੰ ਚਾਰੇ ਪਾਸਿਓਂ ਇਸ ਤਰ੍ਹਾਂ ਘੇਰ ਲਿਆ ਹੋਇਆ ਸੀ ਕਿ ਕਿਸੇ ਹੋਰ ਦੀ ਅਵਾਜ ਉਨ੍ਹਾਂ ਤੱਕ ਪਹੁੰਚਣੀ ਅਸੰਭਵ ਹੋ ਗਈ ਸੀ।"
"ਮੈਂ ਸੋਚ ਰਿਹਾ ਹਾਂ ਕਿ ਫਰੰਗੀਆਂ 'ਤੇ ਇਤਬਾਰ ਕਰਨਾ ਮਹਾਰਾਜ ਦੀ ਗਲਤੀ ਸੀ। ਜੇ ਆਪਣੇ ਜਿਉਂਦੇ ਜੀ ਫਰੰਗੀਆਂ ਨਾਲ ਇਹ ਲੜਾਈਆਂ ਲੜ ਲੈਂਦੇ ਤਾਂ ਅੰਜਾਮ ਕੁਝ ਹੋਰ ਹੀ ਹੋਣਾ ਸੀ ।" ਦੁਰਜਨ ਸਿੰਘ ਆਪਣੀ ਰਾਏ ਜਾਹਿਰ ਕਰਦਿਆਂ ਬੋਲਿਆ।
"ਮੈਨੂੰ ਲਗਦਾ ਹੈ ਕਿ ਇੱਥੇ ਵੀ ਸਰਕਾਰ ਦਾ ਸਵੈ-ਵਿਸ਼ਵਾਸ ਡਗਮਗਾ ਚੁੱਕਿਆ ਸੀ। ਜਦ ਮਰਾਠਾ ਪੇਸ਼ਵਾ (ਹੌਲਕਰ) ਨੇ ਆਪਸ 'ਚ ਮਿਲ ਕੇ ਫਰੰਗੀਆਂ ਨੂੰ ਸਮੁੰਦਰ ਵਿੱਚ ਧੱਕਣ ਦੀ ਪੇਸ਼ਕਸ਼ ਭੇਜੀ ਸੀ, ਜੇ ਉਸ ਪੇਸ਼ਕਸ਼ ਨੂੰ ਨਾ ਠੁਕਰਾਉਂਦੇ ਤਾਂ ਪੰਜਾਬ ਦਾ ਹੀ ਨਹੀਂ, ਸਾਰੇ ਹਿੰਦਸਤਾਨ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ ।" ਕੀਰਤ ਸਿੰਘ ਨੇ ਆਖਿਆ।