ਕੀਰਤ ਸਿੰਘ ਨੇ ਉਸ ਵੱਲ ਹਮਦਰਦੀ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਫੇਰ ਥੱਲੇ ਵੱਲ ਵੇਖਣ ਲੱਗਾ ਜਿਵੇਂ ਉਸ ਉੱਤੇ ਹੋਈਆਂ ਵਧੀਕੀਆਂ ਦਾ ਉਹ ਆਪ ਵੀ ਜ਼ਿੰਮੇਵਾਰ ਹੋਵੇ।
"ਤੁਸੀਂ ਅਤੇ ਅਸੀਂ ਇਕੋ ਤਰ੍ਹਾਂ ਦੇ ਪਿੰਡਾਂ 'ਚ ਰਹਿੰਦੇ ਹਾਂ ਅਤੇ ਤੁਸੀਂ ਲੋਕ ਸਾਡੀ ਦੁਰਦਸ਼ਾ ਨੂੰ ਵੇਖਦੇ, ਪਰ ਉਸ ਨੂੰ ਮਹਿਸੂਸ ਨਹੀਂ ਕਰਦੇ, ਜੋ ਜਿੱਲਤ ਸਾਨੂੰ ਹਰ ਰੋਜ, ਹਰ ਪਲ ਸਹਿਣੀ ਪੈਂਦੀ ਹੈ। ਕਿਉਂਕਿ ਸਦੀਆਂ ਤੋਂ ਲੋਕਾਂ ਨੂੰ ਆਦਤ ਪੈ ਗਈ ਹੋਈ ਹੈ ਇਹ ਕੁਝ ਵੇਖਣ ਦੀ...।" ਦੁਰਜਨ ਸਿੰਘ ਨੇ ਆਖਿਆ।
"ਮੈਂ ਸਮਝਦਾ ਹਾਂ ਦੁਰਜਨ ਸਿੰਘ, ਪੂਰਾ ਨਹੀਂ ਤਾਂ ਥੋੜ੍ਹਾ ਬਹੁਤ ਜ਼ਰੂਰ ਸਮਝਦਾ ਹਾਂ।“
"ਤੁਸੀਂ ਕੁਝ ਨਹੀਂ ਸਮਝਦੇ ਕੀਰਤ ਸਿੰਘ ਜੀ, ਕੁਝ ਨਹੀਂ ਸਮਝਦੇ ।" ਉਸ ਦੇ ਬੋਲਾਂ 'ਚ ਸਦੀਆਂ ਪੁਰਾਣੀ ਵੇਦਨਾ ਸੀ। "ਜੇ ਮੈਂ ਸਭ ਕੁਝ ਦੱਸਣ ਲੱਗ ਪਵਾਂ ਤਾਂ ਸਾਰੀ ਰਾਤ ਬੀਤ ਜਾਏਗੀ ਅਤੇ ਗੱਲ ਤਾਂ ਵੀ ਪੂਰੀ ਨਹੀਂ ਹੋਵੇਗੀ। ਮੈਂ ਤੁਹਾਨੂੰ ਇਕੋ ਘਟਨਾ ਦੱਸਦਾ ਹਾਂ।" ਅਤੇ ਉਹ ਦੱਸਣ ਲੱਗਾ:
"ਉਦੋਂ ਦੋ ਵਰ੍ਹੇ ਤੱਕ ਮੀਂਹ ਨਹੀਂ ਪਿਆ। ਸਾਰੇ ਪਿੰਡ ਦੇ ਲਾਲੇ, ਜਿਮੀਂਦਾਰ ਪਿੰਡ ਛੱਡ ਕੇ ਅਤੇ ਆਪਣੇ ਡੰਗਰ ਲੈ ਕੇ ਕਿਤੇ ਚਲੇ ਗਏ। ਅਸੀਂ ਭੁੱਖੇ ਮਰਨ ਲੱਗੇ। ਖੂਹਾਂ 'ਚ ਵੀ ਪਾਣੀ ਖ਼ਤਮ ਹੋ ਗਿਆ। ਅਸੀਂ ਵੀ ਆਪਣੇ ਸਾਰੇ ਟੱਬਰ ਸਮੇਤ ਪਿੰਡ ਛੱਡ ਕੇ ਤੁਰ ਪਏ। ਗਰਮੀਆਂ ਦੇ ਦਿਨ ਸਨ। ਭੁੱਖ ਜਰੀ ਜਾਂਦੀ ਹੈ ਪਰ ਤ੍ਰੇਹ ਨਹੀਂ ਜਰੀ ਜਾਂਦੀ। ਪਿਆਸ ਨਾਲ ਤਾਲੂ ਸੁੱਕ ਗਏ। ਇਕ ਪਿੰਡ ਦੇ ਬਾਹਰ ਕਰਕੇ ਇਕ ਸ਼ਿਵਾਲੇ ਕੋਲ ਇਕ ਖੂਹ ਵੇਖ ਕੇ ਉਸ 'ਚੋਂ ਪਾਣੀ ਭਰਨ ਲੱਗੇ। ਬਸ ਫੇਰ ਕੀ ਸੀ। ਪੁਜਾਰੀ ਨੇ ਕਿਸੇ ਬਾਰੀ 'ਚੋਂ ਵੇਖ ਲਿਆ ਤੇ ਰੌਲਾ ਪਾ ਦਿੱਤਾ ਕਿ ਉਨ੍ਹਾਂ ਦਾ ਖੂਹ ਭ੍ਰਿਸ਼ਟ ਗਿਆ। ਉਸੇ ਵੇਲੇ ਪਿੰਡ ਦੇ ਠਾਕੁਰ, ਜਿਮੀਂਦਾਰ ਡਾਂਗਾਂ ਲੈ ਕੇ ਜਮ੍ਹਾਂ ਹੋ ਗਏ ਅਤੇ ਸਾਡੇ ਉੱਤੇ ਡਾਂਗਾਂ ਵਰ੍ਹਣ ਲੱਗੀਆਂ...।"
"ਤੇ ਫੇਰ!" ਦੁਰਜਨ ਸਿੰਘ ਨੂੰ ਚੁੱਪ ਵੇਖ ਕੇ ਕੀਰਤ ਸਿੰਘ ਨੇ ਪੁੱਛਿਆ।
ਪਰ ਦੁਰਜਨ ਸਿੰਘ ਅੱਗਿਓਂ ਕੁਝ ਨਹੀਂ ਬੋਲਿਆ। ਉਸ ਦੀਆਂ ਅੱਖਾਂ 'ਚੋਂ ਅੱਥਰੂ ਕਿਰ ਕੇ ਉਸ ਦੀਆਂ ਗੱਲ੍ਹਾਂ 'ਤੇ ਤੈਰ ਰਹੇ ਸਨ।
ਕੁਝ ਦੇਰ ਬਾਅਦ ਦੁਰਜਨ ਸਿੰਘ ਨੇ ਆਪਣੀਆਂ ਅੱਖਾਂ ਪੱਗ ਦੇ ਲੜ ਨਾਲ ਪੂੰਝੀਆਂ, ਕੰਬਦੇ ਬੁੱਲ੍ਹਾਂ ਤੇ ਮਨ 'ਚ ਉਬਾਲੇ ਖਾ ਰਹੇ ਕ੍ਰੋਧ ਨਾਲ ਬੋਲਿਆ:
"ਬਸ ਹੁਣ ਇਕੋ ਅਰਮਾਨ ਹੈ ਮਨ ਵਿੱਚ ਕਿ ਲੜਾਈ ਖਤਮ ਹੋਣ ਤੋਂ ਬਾਅਦ ਬੰਦੂਕ ਲੈ ਕੇ ਉਸ ਪਿੰਡ 'ਚ ਜਾਵਾਂ ਅਤੇ ਸਾਰਿਆਂ ਨੂੰ ਭੁੰਨ ਛੱਡਾਂ...। "
ਕੀਰਤ ਸਿੰਘ ਨੇ ਸਿਰ ਹਿਲਾਉਂਦਿਆਂ ਲੰਮਾ ਜਿਹਾ ਸਾਹ ਖਿੱਚਿਆ ਅਤੇ ਬੋਲਿਆ-
"ਇਸ ਨਾਲ ਕੀ ਹੋਵੇਗਾ ਦੁਰਜਨ ਸਿਆਂ ? ਕੁਝ ਵੀ ਤੇ ਨਹੀਂ ਬਦਲਣਾ। ਜੋ ਕੁਝ ਉਨ੍ਹਾਂ ਦੇ ਪਿਉ ਦਾਦਾ ਕਰਦੇ ਆ ਰਹੇ ਸਨ, ਉਹੀ ਕੁਝ ਉਨ੍ਹਾਂ ਦੇ ਪੁੱਤਰ ਕਰਦੇ ਰਹਿਣਗੇ । ਤੇ ਤੁਸੀਂ ਲੋਕ..? "