“ਤੇ ਇਸਦੇ ਆਪਣੇ ਮਾਂ ਬਾਪ?” ਕੀਰਤ ਸਿੰਘ ਨੇ ਕੁੜੀ ਵੱਲ ਤੱਕਦਿਆਂ ਪੁੱਛਿਆ। ਕੁੜੀ ਦੀਆਂ ਅੱਖਾਂ ਦੇ ਹੰਝੂ ਜਿਵੇਂ ਸੁੱਕ ਚੁੱਕੇ ਹੋਣ। ਉਹ ਖਾਲੀ-ਖਾਲੀ ਅੱਖਾਂ ਨਾਲ ਕੰਧ ਵਲ ਤੱਕ ਰਹੀ ਸੀ। ਉਹ ਜਿਵੇਂ ਸ਼ਰਮ ਅਤੇ ਦਇਆ ਤੋਂ ਵੀ ਦੂਰ ਚਲੇ ਗਈ ਸੀ।
"ਬਾਪ ਨੂੰ ਸੱਪ ਨੇ ਡੱਸ ਲਿਆ ਅਤੇ ਮਾਂ ਪਾਗਲ ਹੋ ਕੇ ਕਿਤੇ ਗਾਇਬ ਹੋ ਗਈ।" ਪਾਰਥ ਨਾਥ ਨੇ ਦੱਸਿਆ।
“ਚੱਲ ਉੱਠ ਬੀਬੀ ।" ਪਾਰਥ ਨਾਥ ਕੁੜੀ ਕੋਲ ਖੜਾ ਹੋ ਕੇ ਬੋਲਿਆ।"ਆ ਤੈਨੂੰ ਤੇਰਾ ਕਮਰਾ ਵਿਖਾਵਾਂ। ਨਾਲੇ ਨਹਾ ਧੋ, ਕੱਪੜੇ ਬਦਲ।"
ਬਿਸ਼ ਨਾਥ ਨੇ ਵੀ ਹਮਦਰਦੀ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਅਤੇ ਹੌਲੀ ਦੇਣੀ ਬੋਲੇ:
'"ਸਮਝ ਲੈ ਬੀਬੀ ਕਿ ਬੀਤਿਆ ਪਿੱਛੇ ਰਹਿ ਗਿਆ, ਇਹ ਤੇਰਾ ਨਵਾਂ ਜਨਮ ਹੈ।“
ਕੀਰਤ ਸਿੰਘ ਵੀ ਅੱਖਾਂ ਬੰਦ ਕਰਕੇ ਅਤੇ ਲੰਮਾ ਜਿਹਾ ਸਾਹ ਭਰਦਿਆਂ ਆਪਣੇ ਆਪ ਨੂੰ ਕਹਿ ਉੱਠਿਆ- ਇਕ ਯੁੱਧ ਖੇਤਰ ਇਹ ਵੀ ਹੈ। ਫਰੰਗੀਆਂ ਨਾਲ ਤਾਂ ਲੜਾਈਆਂ ਕਦੇ ਨਾ ਕਦੇ ਮੁੱਕ ਹੀ ਜਾਣਗੀਆਂ, ਪਰ ਕੀ ਇਹ ਲੜਾਈਆਂ ਵੀ ਕਦੇ ਮੁੱਕ ਸਕਣਗੀਆਂ ?"
ਇਕ ਚੇਲਾ ਆ ਕੇ ਇਕ ਡੂਨੇ 'ਚ ਪੰਜੀਰੀ ਅਤੇ ਲੱਸੀ ਦਾ ਗਿਲਾਸ ਕੀਰਤ ਸਿੰਘ ਦੇ ਸਾਹਮਣੇ ਰੱਖ ਗਿਆ। ਇਕ ਤਸ਼ਤਰੀ ਅਤੇ ਇਕ ਗਿਲਾਸ ਕੁੜੀ ਦੇ ਸਾਹਮਣੇ। ਪਰ ਕੁੜੀ ਨੇ ਉਸ ਨੂੰ ਹੱਥ ਨਹੀਂ ਲਾਇਆ। ਕੀਰਤ ਸਿੰਘ ਚੁੱਪ-ਚਾਪ ਪੰਜੀਰੀ ਦੇ ਫੱਕੇ ਮਾਰਦਿਆਂ ਕੰਧ 'ਤੇ ਬਣੀਆਂ ਪੁਰਾਣੇ ਨਾਥ ਜੋਗੀਆਂ ਦੀਆਂ ਤਸਵੀਰਾਂ ਵੇਖਣ ਲੱਗਾ।
"ਦੋ ਤਰ੍ਹਾਂ ਦੇ ਜੀਅ ਬਣਾਏ ਹਨ ਪ੍ਰਕਿਰਤੀ ਨੇ।" ਬਿਸ਼ ਨਾਥ ਕਹਿ ਰਿਹਾ ਸੀ, "ਇਕ ਮਾਸਾਹਾਰੀ, ਜੋ ਸ਼ਿਕਾਰ ਕਰਦਾ ਹੈ, ਦੂਜਾ ਜੋ ਸ਼ਿਕਾਰ ਹੁੰਦਾ ਹੈ।"
“ਤੁਸੀਂ ਕਿਸ ਦੀ ਗੱਲ ਕਰ ਰਹੇ ਹੋ?"
"ਰਾਜਿਆਂ, ਜਗੀਰਦਾਰਾਂ ਦੀ, ਹੋਰ ਕਿਸ ਦੀ।" ਇਹ ਉਹ ਲੋਕ ਹਨ ਜੋ ਸਦਾ ਦੂਜਿਆਂ ਦੀ ਮਿਹਨਤ 'ਤੇ ਜਿਉਂਦੇ ਆਏ ਹਨ।"
"ਤੁਹਾਡੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਹੈਰਾਨੀ ਹੋ ਰਹੀ ਹੈ।"
"ਤੂੰ ਸਮਝਦਾ ਏ," ਬਿਸ਼ ਨਾਥ ਹੱਸਦਿਆਂ ਬੋਲਿਆ, "ਕਿ ਅਸੀਂ ਬਸ ਨਾਮ ਜਪਦੇ ਅਤੇ ਵਿਹਲੇ ਬੈਠ ਕੇ ਖਾਂਦੇ ਹਾਂ। ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਬੰਦਾ ਸਾਧ ਕਿਉਂ ਬਣਦਾ ਹੈ? ਬਸ ਇਹੀ ਸਮਝ ਕਿ ਅਸੀ ਲੋਕ ਹਾਰੇ ਹੋਏ ਹੁੰਦੇ ਹਾਂ, ਜ਼ਿੰਦਗੀ ਤੋਂ ਭੱਜੇ ਹੋਏ ਅਤੇ... ਅਤੇ ਆਮ ਲੋਕਾਂ ਕੋਲ ਜਿਊਂਦੇ ਰਹਿਣ ਲਈ ਈਸ਼ਵਰ ਦੇ ਨਾਮ ਅਤੇ ਦੇਵਤਿਆਂ ਦੀਆਂ ਕਿੱਸੇ-ਕਹਾਣੀਆਂ ਦੇ ਇਲਾਵਾ ਹੋਰ ਕੁਝ ਨਹੀਂ ਹੁੰਦਾ।"
ਕੀਰਤ ਅਤੇ ਬਿਸ਼ ਨਾਥ ਕੁਝ ਦੇਰ ਤੱਕ ਗੱਲਾਂ ਕਰਦੇ ਰਹੇ। ਫੇਰ ਪੰਜੀਰੀ ਦੇ ਡੂਨੇ ਅਤੇ ਲੱਸੀ ਦੇ ਗਿਲਾਸ ਨੂੰ ਭੁੰਜੇ ਰੱਖਦਿਆਂ ਕੀਰਤ ਬੋਲਿਆ, "ਹੁਣ ਚੱਲਦਾ ਹਾਂ। ਥੱਲੇ ਸਾਥੀ ਉਡੀਕ ਰਹੇ ਹੋਣਗੇ। ਫੇਰ ਕਦੀ ਆਵਾਂਗਾ।" ਕਹਿ ਕੇ ਉਹ ਤੁਰ ਪਿਆ।