Back ArrowLogo
Info
Profile

ਕਨੀਜ਼ ਜਾਂ ਰਖੇਲ ਦੀ ਤਰਾਂ ਰਹਿੰਦੀ ਏਂ।" ਕੀਰਤ ਸਿੰਘ ਨੇ ਇਕ ਕੌੜਾ ਜਿਹਾ ਘੁੱਟ ਭਰਦਿਆਂ ਆਖਿਆ।

"ਗੱਲ ਐਨੀ ਸਿੱਧੀ ਨਹੀਂ। ਹਕੀਕਤ ਇਹ ਹੈ ਕਿ ਸਾਡੇ ਕਿਲ੍ਹੇ ਤੋਂ ਲਾਹੌਰ ਤੱਕ ਜਾਂਦਿਆਂ ਇਨ੍ਹਾਂ ਦਾ ਵਤੀਰਾ ਮੇਰੇ ਨਾਲ ਇੰਨਾ ਸ਼ਰਾਫ਼ਤ ਅਤੇ ਸ਼ਾਇਸਦਗੀ ਭਰਿਆ ਸੀ ਕਿ ਮਨ ਹੀ ਮਨ ਮੈਂ ਇਹਨਾਂ ਦੀ ਸ਼ਖ਼ਸੀਅਤ ਅਤੇ ਇਖ਼ਲਾਕ ਦੀ ਕਾਇਲ ਹੋ ਗਈ। ਸ਼ਾਇਦ ਇਹ ਵੀ ਕਿ ਮੈਂ ਇਨ੍ਹਾਂ ਵਿੱਚ ਤੁਹਾਨੂੰ ਵੇਖ ਰਹੀ ਸਾਂ। ਅਤੇ ਜਦ ਮਹਾਰਾਜਾ ਰਣਜੀਤ ਸਿੰਘ ਨੇ ਹੱਸਦਿਆਂ ਹੋਇਆਂ ਮੈਨੂੰ ਇਨ੍ਹਾਂ ਦੇ ਸਪੁਰਦ ਕਰ ਦਿੱਤਾ ਤਾਂ ਮੈਨੂੰ-ਕੋਈ ਦੁੱਖ ਨਹੀਂ ਹੋਇਆ। ਬਲਕਿ ਖ਼ੁਸ਼ ਸਾਂ ਕਿ ਮਹਾਰਾਜੇ ਦੀ ਰਖੇਲ ਬਣ ਕੇ ਜੀਵਨ ਬਿਤਾਉਣ ਤੋਂ ਤਾਂ ਇਹ ਕਿਤੇ ਬਿਹਤਰ ਹੈ।”

ਇਹ ਸਭ ਕੁਝ ਸੁਣਾ ਕੇ ਜ਼ੀਨਤ ਚੁੱਪ ਹੋ ਗਈ ਅਤੇ ਥੱਕੀ ਜਿਹੀ ਇਕ ਤਿਪਾਈ 'ਤੇ ਬੈਠ ਗਈ। ਕੀਰਤ ਸਿੰਘ ਵੀ ਕੁਝ ਦੇਰ ਚੁੱਪ ਰਿਹਾ। ਫੇਰ ਉਸ ਦੇ ਮੂੰਹੋਂ ਨਿਕਲਿਆ-

"ਤੇ.. ਤੇ ਹੁਣ ?"

"ਮੈਂ ਜਾਣਦੀ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ। ਉੱਤਰ ਇਹ ਹੈ ਕਿ ਮੈਂ ਇਨ੍ਹਾਂ ਦੀ ਰਖੇਲ ਨਹੀਂ ਬਲਕਿ ਵਿਆਹੁਤਾ ਹਾਂ ਅਤੇ ਮੈਨੂੰ ਇਨ੍ਹਾਂ ਕੋਲੋਂ ਉਹ ਸਭ ਕੁਝ ਹਾਸਲ ਹੋਇਆ ਜੋ... ਜੋ....।"

"ਜੋ ਕੁਝ ਮੇਰੇ ਕੋਲੋਂ ਮਿਲਣਾ ਸੀ।‘ ਕੀਰਤ ਸਿੰਘ ਉਸ ਦਾ ਵਾਕ ਪੂਰਾ ਕਰਦਿਆਂ ਬੋਲਿਆ, “ਅਸਲੀਅਤ ਇਹ ਹੈ ਜੀਨਤ ਬੇਗਮ  ਕਿ ਮੇਰੇ ਕੋਲ ਤੈਨੂੰ ਇਹ ਕੁਝ ਵੀ ਹਾਸਲ ਨਾ ਹੋ ਸਕਦਾ ਜਿਸਦੀ ਤੂੰ ਹੱਕਦਾਰ ਏਂ। ਚਾਹੇ ਮੈਨੂੰ ਇਹ ਕੁਝ ਵਾਪਰ ਜਾਣ ਦੀ ਕੋਈ ਖੁਸ਼ੀ ਨਹੀਂ ਪਰ ਇਕ ਤਸੱਲੀ ਜ਼ਰੂਰ ਹੈ ਕਿ ਤੂੰ ਇਨ੍ਹਾਂ ਕੋਲ ਰਹਿੰਦਿਆਂ ਇਕ ਸੁੱਖ ਅਤੇ ਇੱਜ਼ਤ-ਮਾਣ ਵਾਲੀ ਜ਼ਿੰਦਗੀ ਬਸਰ ਕਰ ਰਹੀ ਏਂ। ਹੁਣ ਮੈਂ ਸੋਚਦਾ ਹਾਂ ਕਿ ਤੈਨੂੰ ਮਿਲਣ ਦੀ ਕੋਸ਼ਿਸ਼ ਕਰਦਿਆਂ ਕੀ ਮੈਂ ਤੈਨੂੰ ਕਿਸੇ ਮੁਸੀਬਤ ਜਾਂ ਦੁਚਿੱਤੀ ਚ ਤਾਂ ਨਹੀਂ ਪਾ ਦਿੱਤਾ? ਅਤੇ ਇਹ ਵੀ ਸੋਚ ਰਿਹਾ ਹਾਂ ਕਿ ਤੇਰੇ ਇਸ ਵੇਲੇ ਇੱਥੇ ਆਉਣ ਬਾਰੇ ਜੇ ਸ਼ਾਮ ਸਿੰਘ ਨੂੰ ਪਤਾ ਲੱਗ ਗਿਆ ਤਾਂ...।“

"ਇਹ ਜੋਖਮ ਤਾਂ ਮੈਨੂੰ ਚੁੱਕਣਾ ਹੀ ਪੈਣਾ ਸੀ ਇਕ ਵਾਰੀ। ਪਹਿਲਾਂ ਮੈਂ ਸੋਚਿਆ ਕਿ ਮੈਂ ਉਨ੍ਹਾਂ ਨੂੰ ਸਭ ਕੁਝ ਦੱਸ ਦੇਵਾਂ। ਪਰ ਚਾਹੇ ਇਹ ਫਰਾਖ਼ ਦਿਲ ਹਨ, ਪਰ ਇਸ ਤਰ੍ਹਾਂ ਦੇ ਨਾਜ਼ੁਕ ਮਸਲਿਆਂ 'ਚ ਆਦਮੀ ਦੇ ਮਨ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ।" "ਤਾਂ... ਤਾਂ ਮੈਂ ਤੇਰੀ ਇਸ ਮੁਲਾਕਾਤ ਨੂੰ ਆਖਰੀ ਮੁਲਾਕਾਤ ਸਮਝਾਂ? ਹਾਂ, ਇਹੀ ਠੀਕ ਰਹੇਗਾ।" ਕਹਿੰਦਿਆਂ ਹੋਇਆਂ ਉਸ ਦਾ ਜੀਅ ਕੀਤਾ ਕਿ ਉਸ ਦੇ ਨੇੜੇ ਜਾ ਇਕ ਵਾਰ ਫੇਰ ਉਸ ਦੀ ਛੋਹ, ਉਸ ਦੇ ਜਿਸਮ ਦੀ ਗਰਮੀ ਨੂੰ ਮਹਿਸੂਸ ਕਰ ਸਕੇ।

'ਮੁਲਾਕਾਤ ਆਖਰੀ ਨਹੀਂ ਚਾਹੇ ਇਹ ਲੁਕਵੀਂ ਮੁਲਾਕਾਤ ਆਖ਼ਰੀ ਹੋਵੇ।“ ਜ਼ੀਨਤ ਅੱਗਿਓਂ ਆਪਣੇ ਅੰਦਰ ਉਭਰਦੀ ਭਾਵੁਕਤਾ ਨੂੰ ਲੁਕਾਉਣ ਦਾ ਯਤਨ ਕਰਦਿਆਂ ਬੋਲੀ।

72 / 210
Previous
Next