

ਕੀਰਤ ਸਿੰਘ ਨੇ ਵੀ ਆਪਣੀ ਭਾਵੁਕਤਾ ਨੂੰ ਲੁਕਾਉਣ ਦਾ ਯਤਨ ਕਰਦਿਆਂ ਆਖਿਆ :
"ਕਾਸ਼ ਕਿ ਸ਼ਾਮ ਸਿੰਘ ਵਰਗੇ ਸਰਦਾਰ ਲਾਹੌਰ ਦਰਬਾਰ ਵਿੱਚ ਵੀ ਹੁੰਦੇ ਤਾਂ ਖ਼ਾਲਸਾ ਰਾਜ ਦਾ ਇਹ ਹਸ਼ਰ ਨਹੀਂ ਸੀ ਹੋਣਾ...।"
"ਇਸ ਬਾਰੇ ਵੀ ਕੋਈ ਪੂਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ।" ਜ਼ੀਨਤ ਸਿਆਣਿਆਂ ਵਾਂਗ ਬੋਲੀ, "ਰਾਜ ਦਰਬਾਰਾਂ ਦੇ ਮਾਹੌਲ 'ਚ ਹਰ ਕੋਈ ਕਿਸੇ ਸਾਜ਼ਿਸ਼ ਜਾਂ ਧਿਰ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ। ਆਦਮੀ ਨੂੰ ਹੋਰ ਬਹੁਤ ਕੁਝ ਬਣਾ ਦਿੰਦਾ ਹੈ ਪਰ 'ਆਦਮੀ' ਨਹੀਂ ਰਹਿਣ ਦੇਂਦਾ। ਬਲਕਿ ਇਹ ਚੰਗਾ ਹੀ ਹੋਇਆ ਕਿ ਇਹ ਦੁਆਬੇ ਵਾਲਾ ਕਿਲ੍ਹਾ ਛੱਡ ਕੇ ਇੱਥੇ ਆ ਗਏ।"
"ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਪਈ ਏਂ ?"
ਜ਼ੀਨਤ ਚੁੱਪ ਰਹੀ। ਫੇਰ ਬੋਲੀ, “ਹੁਣ ਅੱਗੇ ਤੁਹਾਡਾ ਕੀ ਇਰਾਦਾ ਹੈ?”
"ਸੱਚ ਪੁੱਛੇਂ ਜੀਨਤ ਤਾਂ ਮੈਂ ਬਹੁਤ ਦੁਚਿੱਤੀ 'ਚ ਹਾਂ। ਇਹ ਤੇ ਸ਼ਾਮ ਸਿੰਘ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਵੇਗਾ ਕਿ ਉਨ੍ਹਾਂ ਕੋਲ ਲਾਹੌਰ ਦਰਬਾਰ ਤੋਂ ਪਰਵਾਨਾ ਆ ਗਿਆ ਹੈ ਕਿ ਉਹ ਇਸ ਕਿਲ੍ਹੇ ਨੂੰ ਲਾਹੌਰ ਦਰਬਾਰ ਵਲੋਂ ਭੇਜੇ ਹੋਏ ਫਰੰਗੀਆਂ ਦੀ ਫੌਜੀ ਪਲਟਨ ਦੇ ਹਵਾਲੇ ਕਰ ਦਿੱਤਾ ਜਾਵੇ।“ ਕੀਰਤ ਸਿੰਘ ਨੇ ਸਾਰੇ ਹਾਲਾਤ ਦੀ ਤਫਸੀਲ ਦੇਂਦਿਆ ਆਖਿਆ।
"ਜੋ ਸ਼ਾਮ ਸਿੰਘ ਜੀ ਕਦੀ ਨਹੀਂ ਕਰਨਗੇ।” ਜੀਨਤ ਬੋਲੀ।
"ਮੈਂ ਜਾਣਦਾ ਹਾਂ। ਖੂਬ ਚੰਗੀ ਤਰ੍ਹਾਂ ਜਾਣਦਾ ਹਾਂ। ਇਸੇ ਲਈ ਤੈਨੂੰ ਇਕ ਵਾਰੀ ਵੇਖ ਕੇ ਚਲੇ ਜਾਣਾ ਚਾਹੁੰਦਿਆਂ ਵੀ ਇਸ ਨਾਜ਼ੁਕ ਸਮੇਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾ ਸਕਦਾ।“
ਇਹ ਸੁਣ ਕੇ ਜੀਨਤ ਦੇ ਅੰਤਰਮਨ ਚ ਖੁਸ਼ੀ ਦੀ ਨਿੱਕੀ ਜਿਹੀ ਲਹਿਰ ਦੌੜ ਗਈ। ਉਹ ਬੋਲੀ, 'ਚੰਗਾ ਕੀਰਤ ਸਿੰਘ ਜੀ, ਹੁਣ ਮੈਨੂੰ ਜਾਣਾ ਚਾਹੀਦਾ ਹੈ। ਕਹਿੰਦਿਆਂ ਹੋਇਆਂ ਸੁਤੇ ਸਿਧ ਹੀ ਜੀਨਤ ਦਾ ਸੱਜਾ ਹੱਥ ਉਸ ਵੱਲ ਵਧਿਆ ਅਤੇ ਕੀਰਤ ਸਿੰਘ ਨੇ ਸੁਤੇ ਸਿਧ ਹੀ ਉਸ ਦੇ ਚੂੜੀਆਂ ਭਰੇ ਛਣ-ਛਣ ਕਰਦੇ ਹੱਥ ਨੂੰ ਆਪਣੇ ਹੱਥ 'ਚ ਘੁੱਟ ਲਿਆ। ਫੇਰ ਉਹ ਹੱਥ ਉਸ ਦੇ ਹੱਥ 'ਚੋਂ ਖਿਸਕਦਾ ਖਿਸਕਦਾ ਬਾਹਰ ਨਿਕਲ ਗਿਆ ਅਤੇ ਨਾਲ ਹੀ ਉਸ ਦੇ ਕਮਰੇ 'ਚੋਂ ਜੀਨਤ ਬੇਗਮ ਵੀ।
***
14
ਕੀਰਤ ਸਿੰਘ ਅਤੇ ਸ਼ਾਹ ਬਖ਼ਸ ਕਿਲ੍ਹੇ ਦੀ ਚੌੜੀ ਕੰਧ 'ਤੇ ਖੜੇ ਕਿਲ੍ਹੇ ਦੀਆਂ ਉੱਚੀਆਂ ਕੰਧਾਂ ਅਤੇ ਮਜ਼ਬੂਤੀ ਨੂੰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੇਖ ਰਹੇ ਸਨ ਕਿ ਇਕ ਪਾਸਿਓਂ ਸਰਦਾਰ ਸ਼ਾਮ ਸਿੰਘ ਅਤੇ ਜੀਨਤ ਆਉਂਦੇ ਦਿਸੇ।
"ਕੀ ਵੇਖ ਰਹੇ ਹੋ ?" ਸ਼ਾਮ ਸਿੰਘ ਨੇ ਉਨ੍ਹਾਂ ਕੋਲ ਆਉਂਦਿਆਂ ਪੁੱਛਿਆ।