

ਇਕ ਦੋ ਪਲ ਸੋਚਣ ਤੋਂ ਬਾਅਦ ਸ਼ਾਹ ਬਖ਼ਸ਼ ਕਹਿਣ ਲੱਗਾ, "ਜਿੱਥੋਂ ਤੱਕ ਮੈਨੂੰ ਇਲਮ ਹੈ, ਇਹ ਮੋਮਾਂਦੀ ਮੂਲ ਤੌਰ 'ਤੇ ਖੋਖਰ ਹਨ।”
"ਹਾਂ ਇਹ ਹੋ ਸਕਦਾ ਹੈ। ਮੇਰੇ ਖੇਤਰ 'ਚ ਖੋਖਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।"
"ਜੇ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਕੋਲ ਜਾ ਕੇ ਫ਼ਰੰਗੀਆਂ ਨਾਲ ਨਾ ਮਿਲਣ ਅਤੇ ਤੁਹਾਡੀ ਸਹਾਇਤਾ ਲਈ ਕੋਸ਼ਿਸ਼ ਕਰ ਸਕਦਾ ਹਾਂ । ਸਾਡਾ ਪਿਛੋਕੜ ਚਾਹੇ ਖੋਖਰਾਂ ਦਾ ਨਹੀਂ ਪਰ ਇਹਨਾਂ ਪਠਾਣ ਕਬੀਲਿਆਂ ਵਿੱਚ ਸਾਡੀਆਂ ਕੁਝ ਰਿਸ਼ਤੇਦਾਰੀਆਂ ਹਨ।" ਸ਼ਾਹ ਬਖ਼ਸ਼ ਨੇ ਆਖਿਆ।
***
ਆਦਮੀ ਕੇਵਲ ਉਹੀ ਨਹੀਂ ਹੁੰਦਾ ਜੋ ਦਿਸਦਾ ਹੈ। ਉਸ ਦੇ ਬਣਨ ਅਤੇ ਕਿਸੇ ਸਥਾਨ 'ਤੇ ਪਹੁੰਚਣ 'ਚ ਕਿਨ੍ਹਾਂ ਪ੍ਰਸਥਿਤੀਆਂ ਅਤੇ ਕਿਸ ਤਰ੍ਹਾਂ ਦੀ ਹੋਣੀ ਦਾ ਹੱਥ ਹੁੰਦਾ ਹੈ ? ਇਸ ਨੂੰ ਪੂਰੀ ਤਰ੍ਹਾਂ ਜਾਣੇ ਬਿਨਾਂ ਨਾ ਕੋਈ ਵੇਖਣ ਵਾਲਾ ਸਮਝ ਸਕਦਾ ਹੈ ਅਤੇ ਨਾ ਉਹ ਵਿਅਕਤੀ ਆਪ ਹੀ। ਕਹਿੰਦੇ ਹਨ ਕਿ ਸ਼ੇਰ, ਹਾਥੀ ਅਤੇ ਵੀਰ ਪੁਰਸ਼ ਜਿੱਥੇ ਜੰਮਦੇ ਹਨ ਉੱਥੇ ਨਹੀਂ ਮਰਦੇ। ਇਹ ਕਹਾਵਤ ਸ਼ਾਮ ਸਿੰਘ ਅਤੇ ਉਸ ਦੇ ਵੱਡੇ ਵਡੇਰਿਆਂ ਉੱਤੇ ਠੀਕ ਢੁੱਕਦੀ ਹੈ।
ਅੱਜ ਤੋਂ ਸੱਤ ਅੱਠ ਸੌ ਵਰ੍ਹੇ ਪਹਿਲਾਂ ਉਸ ਦਾ ਕੋਈ ਵੱਡਾ ਵਡੇਰਾ ਬੁੰਦੇਲਖੰਡ (ਅੱਜ ਦੇ ਮੱਧ-ਪ੍ਰਦੇਸ਼ ਦਾ ਇਕ ਭਾਗ) ਦਾ ਰਹਿਣ ਵਾਲਾ ਇਕ ਰਾਜਪੂਤ ਰਾਜਕੁਮਾਰ ਸੀ । ਇਕ ਵਾਰ ਪ੍ਰਸਥਿਤੀਆਂ ਕੁਝ ਐਸੀਆਂ ਬਣੀਆਂ ਜਾਂ ਉਸ ਦੇ ਮਨ ’ਚ ਤੀਰਥਾਂ ਤੇ ਦੇਵੀ ਦਰਸ਼ਨਾਂ ਦੀ ਅਭਿਲਾਸ਼ਾ ਨੇ ਜਨਮ ਲਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣਾ ਇਕ ਫੌਜੀ ਦਸਤਾ ਲੈ ਕੇ ਤੀਰਥਾਂ ਵੱਲ ਤੁਰ ਪਿਆ। ਜਦ ਉਹ ਜਵਾਲਾਪੁਰੀ ਦੇ ਮੰਦਰ ਕੋਲ ਪਹੁੰਚਿਆ ਤਾਂ ਇਕ ਰਾਤ ਡਾਕੂਆਂ ਨੇ ਆਣ ਘੇਰਿਆ। ਰਾਜਕੁਮਾਰ ਉਨ੍ਹਾਂ ਨਾਲ ਲੜਦਿਆਂ ਮਾਰਿਆ ਗਿਆ। ਉਸ ਦੀ ਰਾਜਕੁਮਾਰੀ ਬਹੁਤ ਦਲੇਰ ਔਰਤ ਸੀ। ਉਸ ਨੇ ਆਪਣੇ ਬਚੇ ਖੁਚੇ ਸਿਪਾਹੀਆਂ ਦੀ ਸਹਾਇਤਾ ਨਾਲ ਨੇੜੇ ਦੇ ਕਿਸੇ ਛੋਟੇ ਜਿਹੇ ਖੇਤਰ 'ਤੇ ਕਬਜ਼ਾ ਕਰ ਲਿਆ ਅਤੇ ਆਪਣੇ ਪੁੱਤਰ ਨੂੰ ਉਸ ਖੇਤਰ ਦਾ ਰਾਜਾ ਘੋਸ਼ਿਤ ਕਰ ਦਿੱਤਾ। ਛੋਟਾ ਜਿਹਾ ਰਾਜ ਹੋਣ ਕਰਕੇ ਉਨ੍ਹਾਂ ਨੇ ਕਾਂਗੜੇ ਦੇ ਰਾਜ ਦੀ ਅਧੀਨਗੀ ਕਬੂਲ ਕਰ ਲਈ, ਜੋ ਅੱਗਿਓਂ ਲਾਹੌਰ ਦੇ ਰਾਜਾ ਦੇ ਅਧੀਨ ਸੀ।
ਇਕ ਵਾਰ ਜਦ ਤੁਰਕਾਂ ਨੇ ਪੰਜਾਬ 'ਤੇ ਹਮਲਾ ਕੀਤਾ ਤਾਂ ਲਾਹੌਰ ਦੇ ਰਾਜੇ ਨੇ ਆਪਣੀ ਸਹਾਇਤਾ ਲਈ ਕਾਂਗੜੇ ਦੇ ਰਾਜੇ ਨੂੰ ਕੁਝ ਫੌਜ ਭੇਜਣ ਲਈ ਸੁਨੇਹਾ ਘੱਲਿਆ। ਤੁਰਕਾਂ ਨਾਲ ਲੜਨ ਲਈ ਭੇਜੇ ਹੋਏ ਪਹਾੜੀ ਫੌਜ ਦੇ ਦਸਤੇ ਵਿੱਚ ਇਨ੍ਹਾਂ ਬੁੰਦੇਲਖੰਡੀ ਰਾਜਪੂਤਾਂ ਦਾ ਵੀ ਦਸਤਾ ਸੀ। ਤੁਰਕੀ ਹਮਲਾਵਰ ਮਹਿਮੂਦ ਗਜਨਵੀ ਸੀ, ਮੁਹੰਮਦ ਗੌਰੀ ਸੀ ਜਾਂ ਤੈਮੂਰ ਲੰਗ, ਇਸ ਬਾਰੇ ਇਨ੍ਹਾਂ ਨੂੰ ਬਹੁਤਾ ਨਹੀਂ ਸੀ ਪਤਾ। ਪਰ ਇਹ ਜਰੂਰ ਸੁਣਿਆ ਕਿ ਉਸ ਲੜਾਈ 'ਚ ਤੁਰਕਾਂ ਦੀ ਜਿੱਤ ਹੋਈ ਅਤੇ ਹਿੰਦੂ ਸੈਨਾ ਦੇ ਬਚੇ ਹੋਏ ਸਿਪਾਹੀਆਂ ਨੂੰ ਜਾਨ ਬਚਾ ਕੇ ਭੱਜਣਾ ਪਿਆ।