ਕਬੀਲੇ ਅਜੇ ਮਾਤਾ-ਪ੍ਰਧਾਨ ਸਨ। ਇਸ ਸਾਰੇ ਸਮੇਂ ਦੌਰਾਨ ਮਨੁੱਖ ਮੁੱਢਲੇ ਪੱਥਰ-ਯੁੱਗ ਤੇ ਮੱਧ ਪੱਥਰ-ਯੁੱਗ ਵਿੱਚ ਹੀ ਵਿਚਰ ਰਿਹਾ ਸੀ। ਵਿਕਾਸ ਦੇ ਪੜਾਵਾਂ 'ਤੇ ਅੱਗੇ ਵਧਦਾ ਹੋਇਆ ਮਨੁੱਖ ਲਗਭਗ 10,000 ਸਾਲ ਪਹਿਲਾਂ ਉਸ ਪੜਾਅ ’ਤੇ ਆ ਪਹੁੰਚਦਾ ਹੈ ਜਿਸਨੂੰ ਸੰਸਾਰ ਪ੍ਰਸਿੱਧ ਪੁਰਾਤੱਤਵ ਵਿਗਿਆਨੀ ਵੀ ਗੌਰਡਨ ਚਾਈਲਡ ਨੇ "ਨੀਊਲਿਥਿਕ ਰੈਵੋਲੂਸ਼ਨ" (ਨਵ-ਪੱਥਰਯੁਗੀ ਇਨਕਲਾਬ) ਕਿਹਾ।
ਨਵ-ਪੱਥਰਯੁਗੀ ਇਨਕਲਾਬ ਦੇ ਪੜਾਅ 'ਤੇ ਆਕੇ ਜਿਸਨੂੰ ਨਵ-ਪੱਥਰਯੁਗੀ ਖੇਤੀ ਇਨਕਲਾਬ ਵੀ ਕਿਹਾ ਜਾਂਦਾ ਹੈ, ਮਨੁੱਖ ਨੇ ਜਾਨਵਰਾਂ ਤੇ ਪੌਦਿਆਂ ਨੂੰ ਪਾਲਤੂ ਬਣਾਉਣਾ ਸ਼ੁਰੂ ਕੀਤਾ। ਅਜਿਹਾ ਨਹੀਂ ਕਿ ਮਨੁੱਖ ਕੋਲ ਪਹਿਲਾਂ ਕੋਈ ਪਾਲਤੂ ਜਾਨਵਰ ਨਹੀਂ ਸੀ, ਕੁੱਤੇ ਨੂੰ ਉਹ ਕਾਫ਼ੀ ਦੇਰ ਪਹਿਲਾਂ ਹੀ ਆਪਣਾ ਸਾਥੀ ਬਣਾ ਚੁੱਕਾ ਸੀ। ਪਰ ਇਸਤੋਂ ਪਹਿਲਾਂ ਮਨੁੱਖ ਨੇ ਕਦੇ ਵੀ ਮਾਸ ਤੇ ਹੋਰ ਖੁਰਾਕੀ ਪਦਾਰਥ ਹਾਸਲ ਕਰਨ ਲਈ ਜਾਨਵਰਾਂ ਨੂੰ ਪਾਲਤੂ ਬਣਾ ਕੇ ਇੱਕ ਥਾਂ ਟਿਕ ਕੇ ਰਹਿਣਾ ਸ਼ੁਰੂ ਨਹੀਂ ਕੀਤਾ ਸੀ । ਉਸਨੇ ਭੇਡ, ਬੱਕਰੀ, ਘੋੜੇ ਤੇ ਹੋਰ ਜਾਨਵਰਾਂ ਨੂੰ ਪਾਲਤੂ ਬਣਾਇਆ। ਨਾਲ ਹੀ, ਉਸਨੇ ਬਹੁਤ ਸਾਰੇ ਜੰਗਲੀ ਅਨਾਜ ਤੇ ਹੋਰ ਖੁਰਾਕੀ ਪੌਦਿਆਂ ਨੂੰ ਆਪ ਉਗਾਉਣਾ ਸ਼ੁਰੂ ਕੀਤਾ। ਸਭ ਤੋਂ ਪਹਿਲੀ ਖੇਤੀ 9,000 ਈ.ਪੂ. ਵਿੱਚ ਮਿਸਰ ਤੇ ਪੱਛਮੀ ਏਸ਼ੀਆ ਦੇ ਇਲਾਕਿਆਂ 'ਚ ਸ਼ੁਰੂ ਹੋਈ ਮੰਨੀ ਜਾਂਦੀ ਹੈ। ਲਗਭਗ ਇਸੇ ਹੀ ਸਮੇਂ (8,000 ਈ.ਪੂ.) ਚੀਨ ਅਤੇ ਭਾਰਤ ਵਿੱਚ ਵੀ ਖੇਤੀ ਦੀ ਸ਼ੁਰੂਆਤ ਹੋ ਚੁੱਕੀ ਸੀ । ਇਸ ਤੋਂ ਬਾਅਦ ਖੇਤੀ ਯੂਰਪ ਦੇ ਇਲਾਕੇ 'ਚ ਫੈਲ ਗਈ । ਫਸਲਾਂ ਦੀ ਬਿਜਾਈ ਪੱਥਰ ਦੀਆਂ ਬਣੀਆਂ ਲੰਮੀਆਂ ਸੱਬਲਾਂ ਜਾਂ ਕੁਦਾਲੀਆਂ ਨਾਲ ਹੁੰਦੀ ਅਤੇ ਬਿਜਾਈ ਤੇ ਗਹਾਈ ਦਾ ਕੰਮ ਔਰਤਾਂ ਹੀ ਕਰਦੀਆਂ । ਪੱਥਰ ਦੇ ਸੰਦਾਂ ਨਾਲ ਜ਼ਮੀਨ ਦੀ ਵਹਾਈ ਬਹੁਤੀ ਡੂੰਘੀ ਨਹੀਂ ਸੀ ਹੁੰਦੀ ਅਤੇ ਉਪਜਾਊ ਸ਼ਕਤੀ ਵੀ ਜਲਦੀ ਹੀ ਖਤਮ ਹੋ ਜਾਂਦੀ । ਕਬੀਲਾ ਨਵੀਂ ਜ਼ਮੀਨ ਸਾਫ਼ ਕਰਦਾ ਤੇ ਉੱਥੇ ਖੇਤੀ ਸ਼ੁਰੂ ਕਰ ਦਿੰਦਾ। ਖੇਤੀ ਸ਼ੁਰੂ ਹੋਣ ਦਾ ਮਤਲਬ ਇਹ ਨਹੀਂ ਸੀ ਕਿ ਹੁਣ ਮਨੁੱਖ ਨੇ ਪਸ਼ੂਆਂ ਨੂੰ ਖੇਤੀ ਦੇ ਕੰਮਾਂ 'ਚ ਵਰਤਣਾ ਸ਼ੁਰੂ ਕਰ ਦਿੱਤਾ ਸੀ, ਖੇਤੀ ਮਨੁੱਖ ਆਪਣੀ ਮਿਹਨਤ ਨਾਲ ਹੀ ਕਰਦਾ ਸੀ । ਪਸ਼ੂ-ਪਾਲਣ ਦਾ ਉਦੇਸ਼ ਮਾਸ, ਦੁੱਧ ਤੇ ਖੱਲਾਂ ਹਾਸਲ ਕਰਨਾ ਸੀ। ਇੱਥੋਂ ਤੱਕ ਘੋੜੇ ਨੂੰ ਬੜੀ ਦੇਰ ਤੱਕ ਦੁੱਧ ਤੇ ਮਾਸ ਲਈ ਪਾਲਿਆ ਜਾਂਦਾ ਰਿਹਾ। ਇਸ ਸਾਰੇ ਸਮੇਂ ਦੌਰਾਨ ਕਬੀਲੇ ਦੇ ਅੰਦਰ ਵੀ ਅਤੇ ਕਬੀਲਿਆਂ ਦੇ ਵਿਚਕਾਰ ਵੀ ਵੱਡੀਆਂ ਕਿਰਤ ਵੰਡਾਂ ਸਾਹਮਣੇ ਆਈਆਂ । ਕਈ ਕਬੀਲੇ ਮੁੱਖ ਤੌਰ 'ਤੇ ਪਸ਼ੂ-ਪਾਲਕ ਬਣ ਗਏ ਅਤੇ ਕਈ ਮੁੱਖ ਤੌਰ 'ਤੇ ਖੇਤੀ ਕਰਨ ਵਾਲੇ, ਜਦਕਿ ਕਈ ਕਬੀਲੇ ਦੋਵੇਂ ਕੰਮ ਹੀ ਕਰਦੇ। ਇਸ ਕਿਰਤ ਵੰਡ ਨਾਲ ਕਬੀਲਿਆਂ ਵਿਚਕਾਰ ਚੀਜ਼ਾਂ ਦੇ ਵਟਾਂਦਰੇ ਦਾ ਅਧਾਰ ਤਿਆਰ ਹੋਇਆ ਅਤੇ ਕਬੀਲਿਆਂ 'ਚ ਧਨ ਦਾ ਸੰਕਲਪ ਪੈਦਾ ਹੋਇਆ। ਜਿਹੜੇ ਕਬੀਲੇ ਕੋਲ ਜ਼ਿਆਦਾ ਪਸ਼ੂ ਹੁੰਦੇ ਉਹ ਅਮੀਰ ਹੁੰਦਾ ਤੇ ਜਿਹੜੇ ਕੋਲ ਘੱਟ ਉਹ ਗਰੀਬ ਹੁੰਦਾ, ਇਸੇ