ਤਰ੍ਹਾਂ ਜਿਸ ਕਬੀਲੇ ਕੋਲ ਜ਼ਿਆਦਾ ਅਨਾਜ ਦੇ ਭੰਡਾਰ ਹੁੰਦੇ ਉਹ ਅਮੀਰ ਹੁੰਦਾ ਤੇ ਦੂਜਾ ਗਰੀਬ । ਕਬੀਲੇ ਦੇ ਅੰਦਰ ਵੀ ਕਿਰਤ ਵੰਡ ਦਾ ਅਧਾਰ ਤਿਆਰ ਹੋ ਚੁੱਕਾ ਸੀ । ਪਸ਼ੂ-ਪਾਲਣ ਦੇ ਨਾਲ-ਨਾਲ ਮਰਦ ਹੁਣ ਖੇਤਾਂ ਦੇ ਕੰਮ 'ਚ ਹਿੱਸਾ ਲੈਣ ਲੱਗੇ ਸਨ ਅਤੇ ਜਿਵੇਂ ਜਿਵੇਂ ਖੇਤੀ 'ਚ ਬਲ ਦੀ ਜ਼ਰੂਰਤ ਵਧਦੀ ਗਈ ਖੇਤੀ ਵਿੱਚ ਔਰਤਾਂ ਦਾ ਦਾਇਰਾ ਸੀਮਤ ਹੁੰਦਾ ਗਿਆ ਤੇ ਮਰਦਾਂ ਦੀ ਭੂਮਿਕਾ ਵਧਦੀ ਗਈ । ਨਤੀਜੇ ਵਜੋਂ ਔਰਤਾਂ ਕਬੀਲੇ 'ਚ ਆਪਣੀ ਪ੍ਰਧਾਨ ਪੋਜ਼ੀਸ਼ਨ ਨੂੰ ਗੁਆਉਂਦੀਆਂ ਚਲੀਆਂ ਗਈਆਂ ਤੇ ਕਬੀਲੇ ਪਿਤਾ-ਪ੍ਰਧਾਨ ਹੋਣ ਲੱਗੇ। ਕਬੀਲੇ ਲਈ ਜ਼ਰੂਰੀ ਸੈਦ ਬਣਾਉਣ ਲਈ ਕਾਰੀਗਰਾਂ ਦਾ ਇੱਕ ਟੋਲਾ ਹੋਂਦ 'ਚ ਆ ਗਿਆ ਸੀ ਜਿਹੜਾ ਸਮੇਂ ਨਾਲ ਨਾ ਸਿਰਫ਼ ਆਪਣੇ ਕਬੀਲੇ ਲਈ ਚੀਜ਼ਾਂ ਬਣਾਉਂਦਾ, ਸਗੋਂ ਹੋਰਨਾਂ ਕਬੀਲਿਆਂ ਨਾਲ ਵੀ ਵਟਾਂਦਰਾ ਕਰਨ ਲਈ ਸੰਦ ਆਦਿ ਬਣਾਉਣ ਲੱਗਾ। ਦੂਜੇ ਪਾਸੇ, ਕਿਉਂਕਿ ਕਬੀਲੇ ਕੋਲ ਹਰ ਸਮੇਂ ਪਸ਼ੂਆਂ ਦਾ ਇੱਕ ਵੱਡਾ ਇੱਜੜ ਤੇ ਅਨਾਜ ਦੇ ਭੰਡਾਰ ਮੌਜੂਦ ਰਹਿੰਦੇ ਸਨ, ਇਹਨਾਂ ਦੀ ਰਖਵਾਲੀ ਲਈ ਇੱਕ ਤਿਆਰ-ਬਰ-ਤਿਆਰ ਲੜਾਕੂ ਦਸਤਾ ਰੱਖਣਾ ਜ਼ਰੂਰੀ ਹੁੰਦਾ ਗਿਆ। ਕਬੀਲੇ ਦਾ ਸਰਦਾਰ ਇਸ ਲੜਾਕੂ ਦਸਤੇ ਦਾ ਵੀ ਮੁਖੀ ਹੁੰਦਾ ਅਤੇ ਉਸਨੂੰ ਸਮੇਤ ਲੜਾਕੂ ਦਸਤੇ ਦੇ ਆਦਮੀਆਂ ਦੇ ਖੇਤੀ, ਪਸ਼ੂ-ਪਾਲਣ ਤੇ ਹੋਰ ਕੰਮਾਂ ਤੋਂ ਛੋਟ ਮਿਲਣ ਲੱਗੀ। ਨਾਚਾਂ-ਰਸਮਾਂ 'ਚ ਜਾਦੂਗਰ-ਨੁਮਾ ਭੂਮਿਕਾ ਅਦਾ ਕਰਨ ਵਾਲਾ ਮੋਹਰੀ ਵਿਅਕਤੀ ਹੁਣ ਅਜਿਹਾ ਖਾਸ ਆਦਮੀ ਬਣਨ ਵੱਲ ਵਧਣ ਲੱਗਾ ਜਿਹੜਾ ਕਬੀਲੇ ਦੀਆਂ ਪੈਦਾਵਾਰੀ ਸਰਗਰਮੀਆਂ ਦੀ ਸਫ਼ਲਤਾ ਲਈ ਅਤੇ ਕਬੀਲੇ ਨੂੰ ਦੁਸ਼ਮਨਾਂ ਤੋਂ ਬਚਾਉਣ ਲਈ ਦੇਵਤਿਆਂ ਅੱਗੇ ਸਮੂਹ ਕਬੀਲੇ ਵੱਲੋਂ ਨੁਮਾਇੰਦਾ ਬਣ ਗਿਆ ਤੇ ਉਹ ਖੇਤੀ ਲਈ ਜ਼ਰੂਰੀ ਜਾਣਕਾਰੀਆਂ ਜਿਵੇਂ ਮੌਸਮਾਂ ਦੀ ਜਾਣਕਾਰੀ ਆਦਿ ਵੀ ਰੱਖਣ ਲੱਗਾ ਜਿਸਨੂੰ ਉਹ ਦੇਵਤਿਆਂ ਦੀ ਬਖਸ਼ਿਸ਼ ਬਣਾ ਕੇ ਇੱਕ ਰਹੱਸ ਦੇ ਤੌਰ 'ਤੇ ਪੇਸ਼ ਕਰਦਾ। ਇਸ ਤਰ੍ਹਾਂ ਕਬੀਲੇ 'ਚ ਦਿਮਾਗੀ ਕੰਮ ਤੇ ਸਰੀਰਕ ਕੰਮ ਦੀ ਕਿਰਤ ਵੰਡ ਦੀ ਵੀ ਬੁਨਿਆਦ ਰੱਖੀ ਜਾ ਚੁੱਕੀ ਸੀ । ਕਬੀਲੇ ਦੇ ਸਰਦਾਰ ਕੋਲ ਦੂਜੇ ਕਬੀਲੇ ਨਾਲ ਹੁੰਦੀਆਂ ਲੜਾਈਆਂ ਦੌਰਾਨ ਹਾਸਲ ਹੁੰਦੇ ਲੁੱਟ ਦੇ ਮਾਲ 'ਚੋਂ ਆਪਣੀ ਪੋਜ਼ੀਸ਼ਨ ਕਾਰਨ ਜ਼ਿਆਦਾ ਹਿੱਸਾ ਹੜੱਪ ਸਕਣ ਦੇ ਮੌਕੇ ਪੈਦਾ ਹੋਣ ਲੱਗੇ। ਇਸ ਦੌਰਾਨ ਖੇਤੀਯੋਗ ਭੂਮੀ ਦੇ ਟੁਕੜੇ ਅਲੱਗ-ਅਲੱਗ ਮੈਂਬਰਾਂ ਨੂੰ ਖੇਤੀ ਕਰਨ ਲਈ ਦਿੱਤੇ ਜਾਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਅਤੇ ਨਿੱਜੀ ਜਾਇਦਾਦ ਦਾ ਸੰਕਲਪ ਹੋਂਦ ਵਿੱਚ ਆਇਆ । ਕਬੀਲੇ ਦਾ ਸਰਦਾਰ ਦੂਜੇ ਕਬੀਲੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੇ ਖੇਤਾਂ 'ਚ ਕੰਮ 'ਤੇ ਲਾਉਣ ਲੱਗਾ ਤੇ ਦੂਜੇ ਕਬੀਲੇ ਦੀ ਜ਼ਮੀਨ 'ਚੋਂ ਵੀ ਵੱਡਾ ਹਿੱਸਾ ਰੱਖਣ ਲੱਗਾ। ਇਸ ਤਰ੍ਹਾਂ ਉਹ ਕਬੀਲੇ 'ਚ ਅਮੀਰ ਆਦਮੀ ਦੀ ਹੈਸੀਅਤ 'ਚ ਆਣ ਲੱਗਾ। ਉਸਦੇ ਨੇੜੇ ਦੇ ਆਦਮੀ ਉਸ ਵਾਂਗ ਹੀ ਅਮੀਰ ਹੋਣ ਲੱਗੇ। ਪਰ ਅਜੇ ਵੀ ਕਬਾਇਲੀ ਸਮਾਜ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਸੀ ਹੋਇਆ।