“ਤੁਰਾ ਤੁਰਕ ਤਾਜ਼ੀ ਬ ਮਕਰੋ ਰਿਆ। ਮਰਾ ਚਾਰਾਸਾਜ਼ੀ ਬ ਸਿਦਕੋ ਸਫ਼ਾ।” ਜਦੋਂ ਮਨੁੱਖ ਸ਼ਕਤੀ ਇੱਛਾ 'ਤੇ ਕਾਬਜ਼ ਹੋਣ ਲਈ ਹਰ ਹੀਲੇ-ਵਸੀਲੇ, ਮਕਰ ਤੇ ਫ਼ਰੇਬ ਕਰਦਾ ਹੈ ਤਾਂ ਦੂਜੇ ਬੰਨ੍ਹੇ ਨਿਮਾਣੀ-ਨਿਤਾਣੀ ਧਿਰ ਕੋਲ ਸਿਰਫ਼ ਸਿਦਕ ਤੋਂ ਸਿਵਾ ਹੋਰ ਕੋਈ ਵੱਡਾ ਸਹਾਰਾ ਨਹੀਂ ਹੁੰਦਾ।
ਜ਼ਫ਼ਰਨਾਮਹ ਦਾ ਇਹ ਪ੍ਰਸੰਗ ਦਸੰਬਰ 1938 ਨੂੰ ਭਾਈ ਵੀਰ ਸਿੰਘ ਨੇ ਖ਼ਾਲਸਾ ਸਮਾਚਾਰ 'ਚ ਪ੍ਰਕਾਸ਼ਿਆ ਸੀ। ਭਾਈ ਵੀਰ ਸਿੰਘ ਨੇ ਜ਼ਫ਼ਰਨਾਮਹ ਦੇ ਅਸਲੀ ਮੂਲ ਪਾਠ ਦੀ ਤਲਾਸ਼ ਕਰਦਿਆਂ ਹੋਰ ਮਿਲਦੇ-ਜੁਲਦੇ ਖਰੜਿਆਂ ਦੇ ਤੁਲਨਾਤਮਕ ਅਧਿਐਨ ਕੀਤਾ। ਉਨ੍ਹਾਂ ਸੰਕਲਨ, ਸੰਪਾਦਨ ਅਤੇ ਉਲਥਾ ਕਰਦਿਆਂ ਗੁਰੂ ਸਾਹਿਬ ਦੇ ਨਾਂ 'ਤੇ ਲਿਖੇ ਗਏ ਸ਼ੇਅਰਾਂ ਦਾ ਨਿਖੇੜ ਸਥਾਪਤ ਕੀਤਾ। ਭਾਈ ਸਾਹਿਬ ਜ਼ਫ਼ਰਨਾਮਹ 'ਚੋਂ ਇਤਿਹਾਸਕ ਗਵਾਹੀਆਂ ਸਥਾਪਤ ਕਰਦਿਆਂ ਉਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਜਿਨ੍ਹਾਂ ਬਾਰੇ ਨਿਰਮੂਲ ਸ਼ੰਕੇ ਪ੍ਰਚੱਲਿਤ ਸਨ। ਇਹ ਸ਼ੰਕੇ ਕਿਹੜੇ ਸਨ....? ਗੁਰੂ ਸਾਹਿਬ ਨੇ ਜ਼ਫ਼ਰਨਾਮਹ ਕਦੋਂ ਤੇ ਕਿੱਥੇ ਲਿਖਿਆ...? ਜ਼ਫ਼ਰਨਾਮਹ ਨੂੰ ਔਰੰਗਜ਼ੇਬ ਤੱਕ ਪੁਜਦਾ ਕਿਸ ਨੇ ਕੀਤਾ? ਗੁਰੂ ਸਾਹਿਬ ਅਤੇ ਔਰੰਗਜ਼ੇਬ ਦੀਆਂ ਸਮਕਾਲੀ ਇਤਿਹਾਸਕ ਲਿਖਤਾਂ, ਇਨ੍ਹਾਂ ਸਾਰੀਆਂ ਕ੍ਰਮਵਾਰ ਘਟਨਾਵਾਂ ਸੰਬੰਧੀ ਕਿਹੋ- ਜਿਹੀਆਂ ਪਹੁੰਚ ਅਪਣਾਉਂਦੀਆਂ ਹਨ? ਭਾਈ ਸਾਹਿਬ ਦੀ ਇਹ ਤੱਥਾਤਮਕ ਵਿਧੀ ਸਟੋਰੀਆ ਡੈਮੋਗਰ, ਐਲਫਿਨਸਟੋਨ ਅਤੇ ਸੈਰੁਲ ਮੁਤਾਖ੍ਰੀਨ ਆਦਿ ਲਿਖਤਾਂ ਦੇ ਤੁਲਨਾਤਮਕ ਪ੍ਰਸੰਗ 'ਚੋਂ ਪ੍ਰਮਾਣਿਕ ਖੋਜ ਉਸਾਰਦੀ ਹੈ। ਫਾਰਸੀ- ਪੰਜਾਬੀ ਦੇ ਜ਼ੁਬਾਨਦਾਨਾਂ ਵੱਲੋਂ ਇਸ ਖ਼ਤ (ਜ਼ਫ਼ਰਨਾਮਹ) ਦਾ ਪੰਜਾਬੀ ਉਤਾਰਾ ਕਰਦਿਆਂ ਕਈ ਭਾਸ਼ਾਈ ਉਕਤਾਈਆਂ ਪੈਦਾ ਹੋ ਗਈਆਂ ਜਿਸ ਕਰਕੇ ਜ਼ਫ਼ਰਨਾਮਹ ਦੀਆਂ ਵੱਖ-ਵੱਖ ਪਾਠਾਂ 'ਚ ਉਚਾਰਣ ਅਤੇ ਕਈ ਸ਼ਬਦ ਭਿੰਨ- ਭਿੰਨ ਹਨ। ਭਾਈ ਵੀਰ ਸਿੰਘ ਨੇ ਉਲਥਾ ਅਤੇ ਸੰਪਾਦਨ ਕਰਦਿਆਂ ਇਨ੍ਹਾਂ ਸਾਰੀਆਂ ਉਕਤਾਈਆਂ ਅਤੇ ਸਵਾਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਅਉਸਰ 'ਤੇ ਭਾਈ ਵੀਰ ਸਿੰਘ ਸਾਹਿਤ ਸਦਨ ਗੁਰੂ ਸਾਹਿਬ ਦੀ ਇਹ ਲਿਖਤ ਬੜੀ ਅਕੀਦਤ ਨਾਲ ਪੁਨਰ-ਪ੍ਰਕਾਸ਼ ਕਰ ਰਿਹਾ ਹੈ।
6 ਜੂਨ, 2017 ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ