ਭਰਾ, ਭੈਣਾਂ ਪੁੱਤਰ ਸਭ ਪੈਸੇ ਦੇ ਸਾਕੇਦਾਰ ਨੇ । ਘਰ ਹੋਣਗੀਆਂ ਰੋਟੀਆਂ ਤਾਂ ਭੱਜੀਆਂ ਆਉਣਗੀਆਂ ਵਹੁਟੀਆਂ। ਪੱਲਿਉਂ ਦਾਣੇ ਮੁੱਕੇ, ਤੇ ਯਾਰ ਹੋਏ ਸੁੱਕੇ।
ਸ਼ੇਅਰ ਕਰੋ
ਕੀ ਹੋ ਗਿਆ, ਆਪਣਿਆਂ ਨੇ ਹੀ ਖਾਧਾ ਹੈ । 'ਘਿਉ ਡੁਲ੍ਹਾ ਬਾਲ, ਨਾ ਮਿਹਣਾ ਨਾ ਗਾਲ'। ਬਿਗਾਨੇ ਖਾਂਦੇ ਤਾਂ ਦੁੱਖ ਵੀ ਹੁੰਦਾ।
ਬਈ ਵਾਹ, ਜੱਟੀ ਦਾ ਘਿਉ ਕਾਹਦਾ ਹੈ, ਮਸ਼ਾਲਾਂ ਪਈਆਂ ਬਲਦੀਆਂ ਹਨ। 'ਘਿਉ ਜੱਟੀ ਦਾ ਤੇ ਤੇਲ ਹੱਟੀ ਦਾ। ਹੱਟੀ ਉੱਤੇ ਘਿਉ ਨੂੰ ਕੋਈ ਖਾਲਸ ਨਹੀਂ ਰਹਿਣ ਦੇਂਦਾ।
ਬਣਾਇਆ ਸੀ ਤਾਜ ਮਹਿਲ ਕਾਰੀਗਰਾਂ, ਮਜ਼ਦੂਰਾਂ, ਐਂਜਨੀਅਰਾਂ । ਨਾਂ ਸ਼ਾਹ ਜਹਾਨ ਦਾ ਵਜਦਾ ਹੈ। ਸੱਚ ਹੈ, 'ਘਿਉ ਸਵਾਰੇ ਸਾਲਣਾ, ਵਡੀ ਬਹੂ ਦਾ ਨਾਉਂ ।'
ਮੁਗਲਦਮਨ ਸਿੰਘ-ਜੀ ਸੱਚ ਹੈ। ਹੁਣ ਇਹ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ ? ਹਰ ਦਿਨ ਲਾਹੌਰ ਦੀ ਮੰਡੀ ਵਿੱਚ ਸਿੰਘ ਸ਼ਹੀਦ ਹੁੰਦੇ ਹਨ ਅਰ ਸਿੰਘ ਦੇ ਘਾਣ ਬੱਚੇ ਪੀੜੀਦੇ ਹਨ।
ਸ਼ਹਿਰੀ-ਅਜ਼ਾਦੀ ਤਾਂ ਆ ਗਈ ਹੈ ਪਰ 'ਘਾਹੀਆਂ ਦੇ ਪੁੱਤਾਂ ਨੇ ਘਾਹ ਹੀ ਖੋਦਣੇ ਨੇਂ ਸਾਡੇ ਗ਼ਰੀਬਾਂ ਦੇ ਹਾਲ ਵਿੱਚ ਕੋਈ ਫ਼ਰਕ ਨਹੀਂ ਪਿਆ।
ਹੁਣ ਮਾਤਾ ਪਿਤਾ ਦੀ ਕੀ ਲੋੜ ਹੈ ਤੁਹਾਨੂੰ । 'ਘਾਹ ਫੁਲੇ ਤਾਂ ਮੀਂਹ ਭੁਲੇ' ਸਾਲਾਂ ਬੱਧੀ ਤੁਹਾਨੂੰ ਪਾਲਿਆ ਪੋਸਿਆ ਲਿਖਾਇਆ, ਪੜ੍ਹਾਇਆ, ਕਾਰੇ ਲਾਇਆ। ਅੱਜ ਤੂੰ ਕੌਣ ਤੇ ਮੈਂ ਕੌਣ ?
ਬਾਹਰ ਦੀ ਟੀਪ ਟਾਪ ਤੇ ਸ਼ੂਕਾ ਸ਼ਾਕੀ ਬੜੀ ਹੈ, ਪਰ ਅੰਦਰੋਂ ਬਸ ਰੱਬ ਦਾ ਨਾਂ ਹੀ ਹੈ । 'ਘਾਹ ਤਜਾਰ ਦਾ ਢੇਰ ਤੇ ਅੰਨ ਥੋੜਾ।'
ਤੁਸੀਂ ਲੱਖ ਜਤਨ ਪਏ ਕਰੋ, ਉਨ੍ਹਾਂ ਦੋਹਾਂ ਦੀ ਨਹੀਂ ਜੇ ਬਣਨੀ । ‘ਘੜੇ ਵੱਟੇ ਦਾ ਕੀ ਮੇਲ' ਵਾਲੀ ਗੱਲ ਹੈ ਉਨ੍ਹਾਂ ਦੀ ਤਾਂ।
ਪੁਲ ਤੇ ਸ਼ਾਮੂ ਸ਼ਾਹ ਨੇ ਬਣਾ ਦਿੱਤਾ ਹੈ ਪਰ ਚੌਂਹਾਂ ਪਿੰਡਾਂ ਨੂੰ ਸੁੱਖ ਹੋ ਗਿਆ ਹੈ। 'ਘੜੇ ਘੁਮਿਆਰ ਭਰੇ ਸੰਸਾਰ ਵਾਲੀ ਗੱਲ ਹੈ।
ਜੇ ਵੇਲੇ ਸਿਰ ਮੇਰੇ ਸਾਥੀ ਪੁੱਜ ਜਾਂਦੇ ਤਾਂ ਇਹ ਭੜਥੂ ਕਾਸਨੂੰ ਪੈਂਦਾ 'ਘੜੀ ਦਾ ਘੁੱਥਾ, ਸੌ ਕੋਹਾਂ ਤੇ ਜਾ ਪੈਂਦਾ ਹੈ । ਅੱਜ ਮੈਂ ਯਤਨ ਕਰਾਂ, ਕੁਝ ਨਹੀਂ ਬਣਦਾ।
ਯਾਰ ਤੁਹਾਡਾ ਵੀ ਅਜੀਬ ਲੇਖਾ ਜੇ, ‘ਘਰੋਂ ਭੁੱਖੇ ਨੰਗੇ ਤੇ ਮੀਆਂ ਮਹੱਲਦਾਰ' ਅਪਣਾ ਤਾਂ ਤੁਹਾਡਾ ਗੁਜ਼ਾਰਾ ਨਹੀਂ ਚਲਦਾ ਤੇ ਲੋਕਾਂ ਅੱਗੇ ਬਣ ਬਣ ਬਹਿੰਦੇ ਹੋ।
ਘਰੋਂ ਤਕੜੇ, ਬਾਹਰੋਂ ਪੁੱਛ । ਘਰੋਂ ਹੌਲੇ ਜਗੋਂ ਹੌਲੇ । 'ਘਰੋਂ ਜਾਈਏ ਖਾਕੇ ਤੇ ਅਗੋਂ ਮਿਲਨ ਪਕਾ ਕੇ । ਸੋ ਘਰ ਨੂੰ ਤਕੜਾ ਕਰੋ। ਬਾਹਰ ਦਿਆਂ ਦਾ ਜੱਸ ਆਪੇ ਮਿਲ ਜਾਊ ।