ਆਰਥਰ ਵਿਕਟਰ ਦਾ ਜਨਮ 13 ਅਪ੍ਰੈਲ 1956 ਨੂੰ ਮਾਤਾ ਜੀ ਮੈਰੀ ਵਿਕਟਰ ਦੀ ਕੁਖੋਂ ਵਿਕਟੋਰੀਆ ਜੁਬਲੀ ਹਸਪਤਾਲ ਅੰਮ੍ਰਿਤਸਰ ਵਿਖੇ ਹੋਇਆ। ਆਰਥਰ ਨੇ ਮੁਢਲੀਆਂ ਪੰਜ ਜਮਾਤਾਂ ਮਿਸ਼ਨ ਸਕੂਲ ਸ਼ਿਕਾਰ ਮਾਛੀਆਂ ਤੋਂ ਕਰਕੇ ਦਸਵੀਂ ਸਰਕਾਰੀ ਹਾਈ ਸਕੂਲ ਧਾਰੋਵਾਲੀ (ਗੁਰਦਾਸਪੁਰ) ਤੋਂ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਉਚੇਰੀ ਸਿੱਖਿਆ ਲੈਣੀ ਆਰੰਭੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕਰ ਕੇ ਉਸ ਐੱਮ ਏ ਪੰਜਾਬੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਦਾਖ਼ਲਾ ਲੈ ਲਿਆ। ਇਥੋਂ ਹੀ ਆਪ ਨੇ ਡਾਃ ਗੁਰਬਖ਼ਸ਼ ਸਿੰਘ ਫਰੈਂਕ ਜੀ ਦੀ ਅਗਵਾਈ ਹੇਠ ਸਃ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦਾ ਸਭਿਆਚਾਰਕ ਅਧਿਐਨ ਵਿਸ਼ੇ ਤੇ ਐੱਮ ਫਿੱਲ ਦੀ ਡਿਗਰੀ ਹਾਸਲ ਕੀਤੀ। 1960-80 ਦੌਰਾਨ ਲਿਖੀ ਗਈ ਪੰਜਾਬੀ ਕਵਿਤਾ ਦੇ ਇਤਿਹਾਸਕ ਪਰਿਵੇਸ਼ ਬਾਰੇ ਡਾਃ ਸਤਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੀ ਐੱਚ ਡੀ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਯੂ ਪੀ ਐੱਸ ਸੀ ਰਾਹੀਂ ਪ੍ਰੋਗ਼ਾਮ ਨਿਰਮਾਤਾ ਵਜੋਂ ਅਕਾਸ਼ਵਾਣੀ ਲਈ ਚੋਣ ਹੋ ਜਾਣ ਕਾਰਨ ਪੜ੍ਹਾਈ ਵਿੱਚੇ ਛੱਡਣੀ ਪਈ।...