ਢਾਡੀ ਕਲਾ ਦੇ ਖੇਤਰ 'ਚ ਗਿਆਨੀ ਹਰਜੀਤ ਸਿੰਘ ਐਮ. ਏ. ਦੇ ਢਾਡੀ ਜਥੇ ਦਾ ਨਾਂਅ ਬੜੇ ਹੀ ਫਖ਼ਰ ਨਾਲ ਲਿਆ ਜਾਂਦਾ ਹੈ। ਜਥੇ ਦੇ ਮੋਹਰੀ ਗਿਆਨੀ ਹਰਜੀਤ ਸਿੰਘ ਐਮ. ਏ. ਦਾ ਜਨਮ 16 ਜੂਨ 1980 ਨੂੰ ਉੱਘੇ ਢਾਡੀ ਪਿਤਾ ਗਿਆਨੀ ਬਲਦੇਵ ਸਿੰਘ ਦਰਦੀ ਦੇ ਘਰ ਮਾਤਾ ਸ੍ਰੀਮਤੀ ਨੇਥ ਕੌਰ ਦੀ ਕੁੱਖੋਂ ਜ਼ਿਲ੍ਹਾ ਐਸ. ਏ. ਐਸ. ਨਗਰ ਮੁਹਾਲੀ ਦੀ ਤਹਿਸੀਲ ਡੇਰਾਬਸੀ 'ਚ ਪੈਂਦੇ ਪਿੰਡ ਸੁੰਡਰਾਂ ਵਿਖੇ ਹੋਇਆ। ਕਾਲਜ 'ਚ ਪੜ੍ਹਦਿਆਂ ਯੁਵਕ ਮੇਲਿਆਂ 'ਚ ਵਾਰ ਗਾਇਨ ਅਤੇ ਲੋਕ ਸਾਜ਼ ਮੁਕਾਬਲਿਆਂ 'ਚ ਕਈ ਇਨਾਮ ਹਾਸਲ ਕੀਤੇ। ਗਿਆਨੀ ਹਰਜੀਤ ਸਿੰਘ ਨੂੰ ਢਾਡੀ ਕਲਾ ਦਾ ਸ਼ੌਕ ਵਿਰਸੇ 'ਚ ਹੀ ਨਸੀਬ ਹੋਇਆ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸ: ਬਲਦੇਵ ਸਿੰਘ ਦਰਦੀ ਇਕ ਉੱਚਕੋਟੀ ਦੇ ਢਾਡੀ ਰਹੇ ਹਨ। ਆਪਣੇ ਪਿਤਾ ਗਿਆਨੀ ਬਲਦੇਵ ਸਿੰਘ ਦਰਦੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਢਾਡੀ ਕਲਾ 'ਚ ਪ੍ਰਵੇਸ਼ ਕੀਤਾ ਅਤੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ 1996 'ਚ ਆਪਣਾ ਢਾਡੀ ਜਥਾ ਕਾਇਮ ਕੀਤਾ। ਢਾਡੀ ਕਲਾ ਦੇ ਖੇਤਰ 'ਚ ਅਹਿਮ ਯੋਗਦਾਨ ਬਦਲੇ ਭਾਈ ਹਰਜੀਤ ਸਿੰਘ ਐਮ. ਏ. ਦੇ ਢਾਡੀ ਜਥੇ ਨੂੰ ਦਰਜਨਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।...