ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सम्मुख- ਸੰਮੁਖ. ਕ੍ਰਿ. ਵਿ- ਸਾਮ੍ਹਣੇ. ਮੁਖ ਦੇ ਅੱਗੇ. "ਸਨਮੁਖ ਸਹਿ ਬਾਨ." (ਆਸਾ ਛੰਤ ਮਃ ੫) ੨. ਭਾਵ- ਆਗ੍ਯਾਕਾਰੀ. "ਮੋਹਰੀ ਪੁਤੁ ਸਨਮੁਖੁ ਹੋਇਆ." (ਸਦੁ) ੩. ਸੰਗ੍ਯਾ- ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ। ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ." (ਨਾਪ੍ਰ)


ਸੰ. ਵਿ- ਸ- ਨਯ. ਨੀਤਿ ਸਹਿਤ। ੨. ਪੁਰਾਣਾ. ਪ੍ਰਾਚੀਨ.


ਦੇਖੋ, ਸਨਾਹ। ੨. ਦੇਖੋ, ਸਨਾਇ। ੩. ਅ਼. [سناء] ਇੱਕ ਬੇਲ, ਜਿਸ ਦੇ ਪੱਤੇ ਜੁਲਾਬ ਲਈ ਵਰਤੀਦੇ ਹਨ L. Cassia Senna. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਮਾਰਕੰਡਿਕਾ" ਹੈ. ਵੈਦ੍ਯਕ ਵਿੱਚ ਇਹ ਅੰਤੜੀ ਦੀ ਮੈਲ, ਕੋੜ੍ਹ, ਵਾਉਗੋਲਾ, ਖਾਂਸੀ ਆਦਿ ਰੋਗਾਂ ਦੇ ਨਾਸ ਕਰਨ ਵਾਲੀ ਮੰਨੀ ਹੈ. ਹਕੀਮ ਮੱਕੇ ਦੀ ਸਨਾ ਬਹੁਤ ਅੱਛੀ ਸਮਝਦੇ ਹਨ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਪਿੱਤ ਨੂੰ ਦਸਤਾਂ ਰਸਤੇ ਖਾਰਿਜ ਕਰਦੀ, ਗਠੀਏ ਅਤੇ ਪਸਲੀ ਦੇ ਦਰਦ ਨੂੰ ਮਿਟਾਉਂਦੀ ਹੈ.


ਦੇਖੋ, ਸ੍ਨਾਯੁ। ੨. ਦੇਖੋ, ਸਨਾਇ ੨.


ਅ਼. [صناعت] ਸਿਨਾਅ਼ਤ. ਸੰਗ੍ਯਾ- ਕਾਰੀਗਰੀ. ਹੁਨਰਮੰਦੀ. ਇਸ ਦਾ ਮੂਲ ਸਨਅ਼ ਹੈ, ਜਿਸ ਦਾ ਅਰਥ ਕਾਰੀਗਰੀ ਕਰਨਾ ਹੈ.


ਦੇਖੋ, ਸਨਾ। ੨. ਅ਼. [ثنا] ਸਨਾ ਸੰਗ੍ਯਾ- ਉਸਤਤਿ. ਵਡਿਆਈ. "ਪੰਜਵੀਂ ਸਿਫਤ ਸਨਾਇ" (ਵਾਰ ਮਾਝ ਮਃ ੧) ਪੰਜਵੀਂ ਨਮਾਜ਼ ਹੈ ਕਿ ਸਿਫਤੀ ਦੀ ਉਸਤਤਿ ਕਰਨੀ। ੩. ਫ਼ਾ. [شہناٸ] ਸ਼ਹਨਾਈ. ਨਫੀਰੀ. "ਬਜੰਤ੍ਰ ਕੋਟਿ ਬਾਜਹੀਂ। ਸਨਾਇ ਭੇਰਿ ਸਾਜਹੀਂ." (ਰਾਮਾਵ)


ਉਸਤਤਿ. ਤਅ਼ਰੀਫ਼, ਦੇਖੋ, ਸਨਾਇ ੨. "ਸਨਾਇਤ ਬਹੁਤ ਕਰ." (ਜਸਾ)


ਸੰਗਯਾ- ਸਨਾ (ਉਸਤਤਿ) ਯੋਗ੍ਯ, ਕਰਤਾਰ। ੨. ਸ਼ਹਨਾਈ. ਹਵਾ ਭਰੀ ਮਸ਼ਕ, ਜੋ ਨਦੀ ਆਦਿਕ ਦੇ ਤਰਨ ਲਈ ਸਹਾਇਤਾ ਦਿੰਦੀ ਹੈ. "ਭੂਪਹਿ ਲਯਾ ਚੜ੍ਹਾਇ ਸਨਾਈ। ਸਰਿਤਾ ਬੀਚ ਪਰੀ ਪੁਨ ਜਾਈ।।" (ਚਰਿਤ੍ਰ ੩੪੪) ੩. ਦੇਖੋ, ਸਨਾਇ ੩.