ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅਰ੍‍ਕ. ਅੱਕ. "ਧਨ ਜੋਬਨ ਆਕ ਕੀ ਛਾਇਆ." (ਧਨਾ ਛੰਤ ਮਃ ੧) ੨. ਫ਼ਾ. [آک] ਆਕ. ਕਲੇਸ਼। ੩. ਅਵਗੁਣ. ਬੁਰਾਈ। ੪. ਅ਼. [عاق] ਆ਼ਕ਼. ਵਿ- ਬੇਵਫ਼ਾ। ੫. ਆਗ੍ਯਾ ਵਿਰੁੱਧ ਚਲਨ ਵਾਲਾ.


Sir David Ochterloney. ਇਹ ਇੱਕ ਅਮਰੀਕਨ ਸ਼ਰੀਫ ਆਦਮੀ ਦਾ ਪੁਤ੍ਰ ਸੀ. ਇਸ ਨੇ ਹਿੰਦੁਸਤਾਨ ਵਿੱਚ ਆਕੇ ਆਪਣੇ ਆਪ ਨੂੰ ਬਹਾਦੁਰੀ ਅਤੇ ਨੀਤਿ ਨਾਲ ਉੱਘਾ ਕਰ ਲਿਆ. ਇਹ ਬੰਗਾਲ ਦੀ ਫੌਜ ਦਾ ਜਨਰਲ ਅਫਸਰ ਸੀ. ਇਸ ਨੇ ਅਕਤੂਬਰ ਸਨ ੧੮੦੪ ਵਿੱਚ ਲਾਰਡ ਲੇਕ ਨਾਲ ਮਿਲਕੇ ਜਸਵੰਤ ਰਾਉ ਹੁਲਕਰ ਨੂੰ ਦਿੱਲੀਓਂ ਭਜਾ ਦਿੱਤਾ. ਇਹ ਸਿੱਖਰਾਜ ਸੰਬੰਧੀ ਮਾਮਲਿਆਂ ਦੀ ਨਿਗਹਬਾਨੀ ਲਈ ਸਰਕਾਰ ਅੰਗਰੇਜੀ ਵੱਲੋਂ ਪ੍ਰਤਿਨਿਧਿ ਮੁਕੱਰਰ ਹੋਇਆ ਹੋਇਆ ਸੀ. ਇਸ ਦੀ ਮਾਰਫਤ ਕਈ ਵਾਰ ਸਰਕਾਰ ਅੰਗ੍ਰੇਜੀ ਦਾ ਪਤ੍ਰਵਿਹਾਰ ਮਹਾਰਾਜ ਰਣਜੀਤ ਸਿੰਘ ਜੀ ਨਾਲ ਹੋਇਆ. ਸਨ ੧੮੧੨ ਵਿੱਚ ਟਿੱਕਾ ਖੜਕ ਸਿੰਘ ਜੀ ਦੀ ਸ਼ਾਦੀ ਸਮੇਂ ਇਹ ਲਹੌਰ ਮਹਾਰਾਜਾ ਦਾ ਪੁਰਾਹੁਣਾ ਸੀ. ੬੮ ਸਾਲ ਦੀ ਉਮਰ ਵਿੱਚ ਇਹ ੧੫. ਜੁਲਾਈ ਸਨ ੧੮੨੫ ਨੂੰ ਮੇਰਟ ਮੋਇਆ.


ਦੇਖੋ, ਅਕਥ. "ਨਾਨਕ ਆਕਥ ਕੀ ਕਥਾ ਸੁਣਾਏ." (ਮਾਰੂ ਮਃ ੧)


ਅ਼. [عاقبت] ਸੰਗ੍ਯਾ- ਪਰਲੋਕ. ਆਉਣ ਵਾਲੀ ਦੁਨੀਆਂ। ੨. ਅੰਤ. ਸਮਾਪਤੀ. ਦੇਖੋ, ਅਕਬ.


ਦੇਖੋ, ਆਕੜ। ੨. ਸੰ. ਸੰਗ੍ਯਾ- ਖਾਨਿ. ਕਾਂਨ। ੩. ਖਜ਼ਾਨਾ। ੪. ਭੰਡਾਰ। ੫. ਜਾਤਿ। ੬. ਵਿ- ਉੱਤਮ. ਸ਼੍ਰੇਸ੍ਠ। ੭. ਅਧਿਕ. ਬਹੁਤ.


ਸੰ. ਆਕਰ੍ਸ. ਸੰਗ੍ਯਾ- ਇੰਦ੍ਰੇ (ਇੰਦ੍ਰਯ). ੨. ਕਸੌਟੀ। ੩. ਚੁੰਬਕ। ੪. ਖਿੱਚ. ਕਸ਼ਿਸ਼. "ਜਬ ਆਕਰਖ ਕਰਤ ਹੋ ਕਬਹੂੰ। ਤੁਮ ਮੈ ਮਿਲਤ ਦੇਹਧਰ ਸਭਹੂੰ." (ਚੌਪਈ) "ਚੀਟੀ ਸਾਸ ਆਕਰਖਤੇ." (ਸਹਸ ਮਃ ੫) "ਜਹਾ ਤ੍ਰਿਖਾ ਮਨ ਤੁਝੁ ਆਕਰਖੈ." (ਸੁਖਮਨੀ)


ਸੰ. ਆਕਰ੍ਸਣ. ਸੰਗ੍ਯਾ- ਖਿਚਾਉ. ਕਸ਼ਿਸ਼. ਖੈਂਚ. ਖਿੱਚ। ੨. ਹਲ ਵਾਹੁਣ ਦਾ ਕੰਮ. ਵਹਾਈ.


ਸੰ. ਆਕੁਲ. ਵਿ- ਵ੍ਯਾਕੁਲ. ਘਬਰਾਇਆ ਹੋਇਆ "ਹਉ ਆਕਲ ਬਿਕਲ ਭਈ ਬਿਨ ਦੇਖੇ." (ਬਿਲਾ ਅਃ ਮਃ ੪) ੨. ਅ਼. [عاقِل] ਆ਼ਕ਼ਿਲ. ਵਿ- ਅ਼ਕ਼ਲ ਵਾਲਾ. ਬੁੱਧਿਮਾਨ. ਦਾਨਾ. "ਕਿ ਆਕਲ ਅਲਾਮੈ." (ਜਾਪੁ) ੩. ਵੱਡੇ ਘਰ ਪਿੰਡ ਦਾ ਵਸਨੀਕ ਇਕ ਤ੍ਰਖਾਣ ਸਿੱਖ, ਜੋ ਭਾਈ ਰੂਪਚੰਦ ਦਾ ਨਾਨਾ ਸੀ. "ਆਕਲ ਕਹੈਂ ਤਾਹਿ ਕੋ ਨਾਮੂ। ਮਨ ਮੇ ਗੁਰੁਮਤ ਕੋ ਵਿਸ੍ਰਾਮੂ." (ਗੁਪ੍ਰਸੂ) ਦੇਖੋ, ਰੂਪਚੰਦ ਭਾਈ। ੪. ਸੁਲਤਾਨ ਪੁਰ ਨਿਵਾਸੀ ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਆਤਮਗ੍ਯਾਨੀ ਸਿੱਖ.