ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿਵਿਧ (ਅਨੇਕ ਪ੍ਰਕਾਰ ਦੇ) ਅਸਤ੍ਰ ਕਈ ਤਰਾਂ ਦੇ ਹਥਿਆਰ. "ਬਿਬਧਾਸਤ੍ਰ ਬਰਖੇ." (ਚੰਡੀ ੨)


ਸੰ. ਵਿਵਰ. ਸੰਗ੍ਯਾ- ਛਿਦ੍ਰ. ਸੁਰਾਖ਼. ਛੇਕ। ੨. ਖੁੱਡ ਬਿਲ। ੩. ਦੋਸ. ਐਬ.


ਵਿਵਰ੍ਸਣ. ਬਹੁਤ ਵਰਸਣਾ. ਜ਼ੋਰ ਨਾਲ ਵਰ੍ਹਣਾ. "ਸਰਧਾਰ ਬਿਬਰਖਣ." (ਅਕਾਲ)


ਸੰ. विवर्ञ्जन- ਵਿਵਜੰਨ. ਵਿਸ਼ੇਸ ਕਰਕੇ ਰੋਕਣਾ। ੨. ਤਿਆਗ ਕਰਨਾ। ੩. ਚੰਗੀ ਤਰਾਂ ਮਾਰਨਾ (ਕੁੱਟਣਾ).


ਸੰ. ਵਿਵਿਰ੍‍ਜਤ. ਵਿ- ਨਿਸੇਧ ਕੀਤਾ. ਮਨਅ਼ ਕੀਤਾ. "ਜੋ ਬਿਬਰਜਿਤ, ਤਿਸ ਸਿਉ ਨੇਹ." (ਗਉ ਮਃ ੫) "ਉਸਤਤਿ ਨਿੰਦਾ ਦੋਊ ਬਿਬਰਜਿਤ." (ਕੇਦਾ ਕਬੀਰ) ੨. ਤਿਆਗਿਆ. ਛੱਡਿਆ.


ਸੰ. ਵਿਵਰ੍‍ਣ. ਵਿ- ਬਦਰੰਗ. ਬੁਰਾ ਵਰ੍‍ਣ. "ਪਰੀ ਬਿਬਰਨ ਹੋਇ ਅਤਿ ਖੇਦਾ" (ਨਾਪ੍ਰ)


ਵਿਵ੍ਰਿਤ ਕੀਤਾ. ਫੈਲਾਇਆ. ਬਿਖੇਰਿਆ. "ਸਿਰ ਕੇ ਕਚ ਬਿਬਰਾਵਾ." (ਨਾਪ੍ਰ) ਕੇਸ਼ ਬਿਖੇਰੇ.


ਵਿ- ਬਿਨਾ ਬਲ. ਕਮਜ਼ੋਰ. ਭਾਵ- ਆਤਮਿਕ ਬਲ ਰਹਿਤ. ਜਿਸ ਵਿੱਚ ਇਖ਼ਲਕ਼ੀ ਕਮਜ਼ੋਰੀ ਹੈ. "ਬਾਬਾ, ਐਸਾ ਬਿਖਮ ਜਲਿ ਮਨੁ ਵਾਸਿਆ। ਬਿਬਲੁ ਝਾਗਿ ਸਹਜਿ ਪਰਗਾਸਿਆ." (ਪ੍ਰਭਾ ਮਃ ੧) ਹੇ ਬਾਬਾ! ਮਾਯਾ ਦੇ ਪ੍ਰਬਲ ਜਾਲ ਵਿਚ ਮਨ ਐਸਾ ਵਸ਼ ਆਇਆ ਹੈ, ਮਾਨੋ ਕਮਜ਼ੋਰ ਝਖ (ਮੱਛੀ) ਨੂੰ ਮਾਹੀਗੀਰ ਨੇ ਸਰਜੇ ਹੀ ਪ੍ਰਗ੍ਰਸ (ਫੜ) ਲਿਆ ਹੈ.


ਫ਼ਾ. [بیباک] ਬੇਬਾਕ. ਵਿ- ਨਿਭਰ. ਬੇਖੌਫ. ਦੇਖੋ, ਬੇਬਾਕ। ੨. ਫ਼ਾ. [بیباقی] ਬੇਬਾਕ਼. ਬਾਕ਼ੀ ਬਿਨਾ. ਲੈਣ ਦੇਣ ਦੇ ਹਿਸਾਬ ਤੋਂ ਬਰੀ. "ਜਮ ਤੇ ਭਏ ਬਿਬਾਕਾ." (ਧਨਾ ਮਃ ੫) ੩. ਸੰ. ਵਿਵਾਕ. ਸੰਗ੍ਯਾ- ਫੈਸਲਾ ਕਰਨ ਵਾਲਾ। ੪. ਗੂੰਗਾ.