ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੁਖ- ਅਰਵਿੰਦ. ਮੁਖਕਮਲ. ਮੁਖਾਂਬੁਜ "ਅਵਿਲੋਕਉ ਰਾਮ ਕੋ ਮੁਖਾਰਬਿੰਦ." (ਕਾਨ ਮਃ ੫)


ਅ਼. [مُخلِص] ਦੇਖੋ, ਮੁਖ਼ਲਿਸ. ਵਿ- ਇਖਲਾਸ (ਪਵਿਤ੍ਰਤਾ) ਵਾਲਾ. "ਮਨ ਕਰੈ ਮੁਖਾਲਿਸ." (ਗੁਪ੍ਰਸੂ)


ਅ਼. [مُخالِف] ਵਿ- ਖ਼ਿਲਾਫ਼ (ਉਲਟ) ਕਰਨ ਵਾਲਾ. ਵਿਰੁੱਧ. ਪ੍ਰਤਿਕੂਲ। ੨. ਸੰਗ੍ਯਾ- ਦੁਸ਼ਮਨ. ਵਿਰੋਧੀ.


ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. "ਮੁਖਿ ਬੇਦ ਚਤੁਰ ਪੜਤਾ." (ਗੌਂਡ ਨਾਮਦੇਵ) ੨. ਮੁਖ ਤੋਂ. ਮੁਖ ਸੇ. "ਮੁਖਿ ਆਵਤ ਤਾਕੈ ਦੁਰਗੰਧ." (ਸੁਖਮਨੀ) ੩. ਮਸ੍ਤਕ ਪੁਰ. ਮੱਥੇ ਉੱਤੇ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੪. ਮੁਖ ਮੇਂ. ਮੂੰਹ ਵਿੱਚ. "ਮੁਖਿ ਝੂਠ ਬਿਭੂਖਨ ਸਾਰੰ." (ਵਾਰ ਆਸਾ) ੫. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. "ਭਗ ਮੁਖਿ ਜਨਮ ਵਿਗੋਇਆ." (ਸ੍ਰੀ ਬੇਣੀ) ੬. ਕਾਰਣ ਕਰਕੇ. ਹੇਤੁ ਦ੍ਵਾਰਾ. "ਕਵਨ ਮੁਖਿ ਕਾਲੁ ਜੋਹਤ ਨਿਤ ਰਹੈ." (ਸਿਧਗੋਸਟਿ) ੭. ਵਿ- ਮੁਖ੍ਯ. ਪ੍ਰਧਾਨ. ਸ਼੍ਰੇਸ੍ਟ. ਉੱਤਮ. "ਮੇਲ ਗੁਰੂ ਮੁਖਿ." (ਆਸਾ ਛੰਤ ਮਃ ੪) "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧)


ਮੂੰਹ ਵਿੱਚ ਸੇਚਨ ਕਰੋ. ਭਾਵ- ਛਕਾਓ. "ਤਿਸੁ ਗੁਰੁ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ." (ਮਲਾ ਮਃ ੪) ਉੱਤਮ ਵਸਤ੍ਰ ਅਰਪੋ ਅਤੇ ਸ਼੍ਰੱਧਾ ਨਾਲ ਭੋਜਨ ਛਕਾਓ.


ਜੁਬਾਨੀ ਸੰਯਮ ਦੀ ਗੱਲਾਂ ਨਾਲ. ਭਾਵ- ਕਰਨੀ ਬਿਨਾ ਕੇਵਲ ਕਹਿਣ ਨਾਲ. "ਮੁਖਿਸੰਜਮ ਹਛਾ ਨ ਹੋਵਈ." (ਸਵਾ ਮਃ ੩)