ਵਿ- ਨੀਮ ਸੁਦਾਈ. ਮਸਤਾਨਾ. "ਨਾਥ ਸੁਨੋ ਔਰੀ ਬੌਰੀ ਬਾਤੇਂ ਬਕਤ ਸੋਊ." (ਨਾਪ੍ਰ)
ਵਾ- ਅਪਰ- ਅਵਤਰੀ. ਹੋਰ- ਜਨਮੀ. "ਅਸ ਸੁੰਦਰ ਨਹਿ ਔਰੋਤਰੀ." (ਚਰਿਤ੍ਰ ੩੧੯)
ਫ਼ਾ. [اوَرنگ] ਸੰਗ੍ਯਾ- ਤਖ਼ਤ. ਰਾਜ ਸਿੰਘਾਸਨ। ੨. ਔਰੰਗਜ਼ੇਬ ਦਾ ਸੰਖੇਪ ਨਾਉਂ. "ਤਬ ਔਰੰਗ ਜਿਯ ਮਾਹਿ ਰਿਸਾਏ." (ਵਿਚਿਤ੍ਰ) ੩. ਦਾਨਾਈ. ਚਤੁਰਾਈ। ੪. ਛਲ. ਕਪਟ। ੫. ਖ਼ੁਸ਼ੀ. ਪ੍ਰਸੰਨਤਾ। ੬. ਘੁਣ. ਲਕੜੀ ਦਾ ਕੀੜਾ.
[اوَرنگزیب] ਇਹ ਸ਼ਾਹਜਹਾਂ ਦਾ ਤੀਜਾ ਪੁਤ੍ਰ ਸੀ. ਇਸ ਦਾ ਜਨਮ ਅਰਜਮੰਦ ਬਾਨੋ ਦੇ ਉਦਰ ਤੋਂ ੩. ਨਵੰਬਰ ਸਨ ੧੬੧੮² ਨੂੰ ਦੋਹਦ³ (ਜਿਲਾ ਪਾਂਚ ਮਹਾਲ- ਇਲਾਕਾ ਬੰਬਈ) ਵਿੱਚ ਹੋਇਆ.#ਸਨ ੧੬੫੮ ਵਿੱਚ ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਕੈਦ ਕਰਕੇ ੨੧. ਜੁਲਾਈ ਨੂੰ ਦਿੱਲੀ ਦੇ ਤਖ਼ਤ ਉੱਪਰ ਬੈਠਾ. ਦਾਰਾਸ਼ਿਕੋਹ ਵਡੇ ਭਾਈ ਨੂੰ ਕਾਜੀਆਂ ਤੋਂ ਫਤਵਾ ਲੈ ਕੇ ਕਿ ਇਹ ਇਸਲਾਮ ਦੇ ਨਿਯਮਾਂ ਤੋਂ ਵਿਰੁੱਧ ਚਲਦਾ ਹੈ, ਸਿਤੰਬਰ ਸਨ ੧੬੫੯ ਵਿੱਚ ਦਿੱਲੀ ਕ਼ਤਲ ਕਰਵਾ ਦਿੱਤਾ. ਛੋਟਾ ਭਾਈ ਮੁਰਾਦ ਜੋ ਤਖਤ ਦਾ ਅਭਿਲਾਖੀ ਸੀ, ਉਸ ਨੂੰ ਪਹਿਲਾਂ ਹੀ ਇਹ ਸਮਝਾਇਆ ਕਿ ਮੈਂ ਬਾਦਸ਼ਾਹਤ ਨਹੀਂ ਚਾਹੁੰਦਾ. ਕੇਵਲ ਕਾਫਰ ਦਾਰਾ ਨੂੰ ਬਾਦਸ਼ਾਹ ਦੇਖਣਾ ਪਸੰਦ ਨਹੀਂ ਕਰਦਾ, ਇਸ ਲਈ ਤੇਰੀ ਸਹਾਇਤਾ ਨਾਲ ਦਾਰਾ ਨੂੰ ਮਾਰ, ਤਾਜ ਤੇਰੇ ਸਿਰ ਦੇ ਕੇ ਮੈਂ ਮੱਕੇ ਨੂੰ ਜਾਵਾਂਗਾ. ਨਾਮੁਰਾਦ ਮੁਰਾਦ, ਦੰਭੀ ਦੇ ਪੇਚ ਵਿੱਚ ਫਸ ਗਿਆ ਅਤੇ ਔਰੰਗਜ਼ੇਬ ਨਾਲ ਮਿਲਕੇ ਆਗਰੇ ਪਾਸ ਫ਼ਤਹਬਾਦ ਦੇ ਮੁਕਾਮ ਤੇ ਦਾਰਾ ਨੂੰ ਸ਼ਿਕਸਤ ਦੇਣ ਦਾ ਕਾਰਣ ਬਣਿਆ.#ਔਰੰਗਜ਼ੇਬ ਨੇ ਜੰਗ ਜਿੱਤਕੇ ਭਾਰੀ ਜਿਆਫ਼ਤ ਕੀਤੀ ਅਤੇ ਮੁਰਾਦ ਨੂੰ ਸ਼ਰਾਬ ਵਿੱਚ ਮਸਤ ਕਰਕੇ ਗਵਾਲੀਅਰ ਦੇ ਕਿਲੇ ਕੈਦ ਕੀਤਾ. ਤਿੰਨ ਵਰ੍ਹੇ ਪਿੱਛੋਂ ਇੱਕ ਸੱਯਦ ਦੇ ਖ਼ੂਨ ਦਾ ਅਪਰਾਧ ਉਸ ਦੇ ਮੱਥੇ ਮੜ੍ਹਕੇ ਕ਼ਤਲ ਕਰਵਾ ਦਿੱਤਾ.#ਇਸ ਤਰਾਂ ਪਰਿਵਾਰ ਨੂੰ ਕੈਦ ਅਥਵਾ ਕਤਲ ਕਰਕੇ ਔਰੰਗਜ਼ੇਬ ਨੇ "ਆ਼ਲਮਗੀਰ" ਖ਼ਿਤਾਬ ਧਾਰਣ ਕੀਤਾ. ਇਹ ਸੁੰਨੀ ਮਤ ਦਾ ਪੱਕਾ ਮਸੁਲਮਾਨਬਾਦਸ਼ਾਹ, ਵਿਦ੍ਵਾਨ ਮਿਹਨਤੀ ਅਤੇ ਰਾਜਪ੍ਰਬੰਧ ਕਰਨ ਵਿੱਚ ਵੱਡਾ ਚਤੁਰ ਸੀ। ਇਹ ਬਹੁਤ ਸਾਦੇ ਕਪੜੇ ਪਹਿਰਦਾ ਤੇ ਸਾਦੀ ਖੁਰਾਕ ਖਾਂਦਾ ਸੀ. ਸ਼ਰਾਬ ਜਾਂ ਕੋਈ ਹੋਰ ਨਸ਼ਾ ਨਹੀਂ ਵਰਤਦਾ ਸੀ. ਆਪਣੇ ਨਿਜ ਦੇ ਖਰਚ ਬਹੁਤ ਘਟਾਏ ਹੋਏ ਸਨ. ਵੇਹਲੇ ਸਮੇਂ ਵਿੱਚ ਆਪਣੇ ਹੱਥੀਂ ਟੋਪੀਆਂ ਬਣਾਨ ਅਤੇ ਕੁਰਾਨ ਦੀਆਂ ਖ਼ੁਸ਼ਖ਼ਤ ਨਕਲਾਂ ਕਰਨ ਦਾ ਕੰਮ ਕਰਦਾ ਸੀ, ਪਰ ਇਸਲਾਮ ਅਤੇ ਹਿੰਦੂ ਆਦਿਕ ਧਰਮਾਂ ਨੂੰ ਸਮ ਭਾਵ ਨਾਲ ਨਹੀਂ ਦੇਖਦਾ ਸੀ, ਸਗੋਂ ਇਤਨਾ ਮਤਾਂਧ ਹੋ ਗਿਆ ਸੀ ਕਿ ਵਡੇ ਵਡੇ ਅਨਰਥ ਕਰਣ ਤੋਂ ਇਸ ਦਾ ਮਨ ਸੰਕੋਚ ਨਹੀਂ ਕਰਦਾ ਸੀ. ਆਪਣੇ ਦੀਨੀ ਭਾਈਆਂ ਤੋਂ ਮੁਹ਼ੀਉੱਦੀਨ" [محی اُلدیِن] ਪਦਵੀ ਪ੍ਰਾਪਤ ਕਰਕੇ ਜਾਮੇ ਵਿੱਚ ਨਹੀਂ ਸਮਾਉਂਦਾ ਸੀ.#ਇਸ ਨੇ ਹਿੰਦੂਆਂ ਦੇ ਮੇਲੇ, ਮੰਦਿਰਾਂ ਦੇ ਉਤਸਵ, ਕਾਸ਼ੀ ਦੇ ਵੈਦਿਕ ਸਕੂਲ ਹੁਕਮਨ ਬੰਦ ਕਰ ਦਿੱਤੇ ਸਨ, ਬਲਕਿ ਮਥੁਰਾ ਬਨਾਰਸ ਆਦਿਕ ਅਸਥਾਨਾਂ ਦੇ ਪ੍ਰਸਿੱਧ ਦੇਵਾਲਯ ਢਾਹਕੇ ਉਨ੍ਹਾਂ ਦੀ ਥਾਂ ਮਸੀਤਾਂ ਚਿਣਵਾ ਦਿੱਤੀਆਂ ਸਨ. ਇਸ ਨੇ ਅਕਬਰ ਦਾ ਹਟਾਇਆ ਹੋਇਆ ਜੇਜ਼ੀਆ ਹਿੰਦੂਆਂ ਤੇ ਫੇਰ ਜਾਰੀ ਕੀਤਾ.#ਜੇਜ਼ੀਆ ਆਦਿਕ ਟੈਕਸ ਅਤੇ ਹਿੰਦੂਆਂ ਉੱਪਰ ਅਤੀ ਜੁਲਮ ਹੁੰਦਾ ਦੇਖਕੇ ਸਾਰੇ ਰਾਜਪੂਤ, ਜੋ ਅਕਬਰ ਦੇ ਮਿਤ੍ਰ ਸਨ, ਇਸ ਦੇ ਵੈਰੀ ਹੋ ਗਏ. ਇਸ ਦੇ ਸੰਬੰਧ ਵਿਚ ਉਦਯ ਪੁਰ ਦੇ ਰਾਜਾ ਰਾਜ ਸਿੰਘ ਨੇ ਜੋ ਔਰੰਗਜ਼ੇਬ ਨੂੰ ਸਨ ੧੬੮੦ ਵਿੱਚ ਚਿੱਠੀ ਲਿਖੀ ਹੈ (ਜਿਸ ਦਾ ਜਿਕਰ ਕਰਨਲ ਟਾਡ Col. Tod ਨੇ ਰਾਜਸਥਾਨ ਵਿੱਚ ਕੀਤਾ ਹੈ) ਦੇਖਣ ਯੋਗ ਹੈ. ਰਾਜਾ ਲਿਖਦਾ ਹੈ-#"ਆਪ ਦੇ ਵਡਿਆਂ ਨੇ ਹਿੰਦੂ, ਮੁਸਲਮਾਨ, ਯਹੂਦੀ, ਈਸਾਈ, ਬਲਕਿ ਜੋ ਰੱਬ ਨੂੰ ਭੀ ਨਹੀਂ ਮੰਨਦੇ ਸਨ, ਉਨਾਂ ਨੂੰ ਇੱਕੋ ਜੇਹਾ ਪਾਲਿਆ. ਆਪ ਦੀ ਅਮਲਦਾਰੀ ਵਿੱਚ ਕਈ ਘਰੋਂ ਬਾਹਰ ਹੋਏ ਫਿਰਦੇ ਹਨ, ਕਈ ਦੇਸ ਛੱਡ ਗਏ ਹਨ, ਸਾਰੇ ਪਰਲੋਂ (ਪ੍ਰਲਯ) ਆ ਰਹੀ ਹੈ, ਲੋਕ ਭੁੱਖ ਨਾਲ ਮਰ ਰਹੇ ਹਨ. ਆਪ ਦੀ ਪ੍ਰਜਾ ਪੈਰਾਂ ਹੇਠ ਕੁਚਲੀ ਜਾ ਰਹੀ ਹੈ, ਸਿਪਾਹੀ ਰੋ ਰਹੇ ਹਨ, ਸੌਦਾਗਰ ਪਿੱਟ ਰਹੇ ਹਨ. ਜੋ ਬਾਦਸ਼ਾਹ ਐਸੀ ਦੁਖੀ ਪ੍ਰਜਾ ਤੋਂ ਟੈਕਸ ਮੰਗੇ ਉਸ ਦਾ ਰਾਜ ਕਿਸ ਤਰਾਂ ਕਾਇਮ ਰਹਿ ਸਕਦਾ ਹੈ? ਜੇ ਆਪ ਨੂੰ ਆਪਣੀ ਧਰਮਪੁਸ੍ਤਕ ਤੇ ਨਿਸ਼ਚਾ ਹੈ, ਤਾਂ ਉਸ ਵਿੱਚ ਦੇਖੋਗੇ ਕਿ ਖ਼ੁਦਾ ਸਭ ਦਾ ਸਾਂਝਾ ਹੈ, ਕੇਵਲ ਮੁਸਲਮਾਨਾਂ ਦਾ ਹੀ ਨਹੀਂ, ਮਸੀਤਾਂ ਵਿੱਚ ਜਿਸ ਦੀ ਆਰਾਧਨਾ ਹੁੰਦੀ ਹੈ, ਉਸੇ ਦੇ ਘੰਟੇ ਠਾਕੁਰਦ੍ਵਵਾਰੇ ਅੰਦਰ ਵਜਦੇ ਹਨ. ਜਦ ਅਸੀਂ ਕਿਸੇ ਮੁਸੱਵਰ ਦੀ ਲਿਖੀ ਮੂਰਤੀ ਵਿਗਾੜਦੇ ਹਾਂ ਤਦ ਬਿਨਾ ਸੰਸੇ ਚਿਤ੍ਰਕਾਰ ਨੂੰ ਨਾਰਾਜ ਕਰਦੇ ਹਾਂ. ਇਸੇ ਤਰਾਂ ਜੋ ਰੱਬ ਦੀ ਰਚਨਾ ਨੂੰ ਭੰਗ ਕਰਦਾ ਹੈ, ਉਹ ਉਸ ਦੇ ਕ੍ਰੋਧ ਦਾ ਅਧਿਕਾਰੀ ਹੁੰਦਾ ਹੈ. ਜੋ ਮਹਿਸੂਲ ਆਪ ਗਰੀਬ ਹਿੰਦੂਆਂ ਤੋਂ ਮੰਗਦੇ ਹੋ, ਇਹ ਨਾਵਾਜਿਬ ਹੈ, ਉਨ੍ਹਾਂ ਪਾਸ ਦੇਣ ਨੂੰ ਕਿੱਥੇ ਹੈ? ਪਰ ਜੇ ਆਪ ਨੇ ਜੇਜ਼ੀਆ ਲਾਉਣਾ ਹੀ ਹੈ ਤਾਂ ਮਹਾਰਾਜ ਰਾਮ ਸਿੰਘ ਅਤੇ ਮੇਥੋਂ ਮੰਗੋ. ਨਿੱਕੀਆਂ ਮੱਖੀਆਂ ਮਾਰਨ ਤੋਂ ਆਪ ਦੀ ਬਜ਼ੁਰਗੀ ਨੂੰ ਦਾਗ ਲਗਦਾ ਹੈ. ਮੈਂ ਹੈਰਾਨ ਹਾਂ ਕਿ ਆਪ ਦੇ ਮੰਤ੍ਰੀ ਆਪ ਨੂੰ ਕਿਉਂ ਨਹੀਂ ਦਸਦੇ ਕਿ ਅਜੇਹੀਆਂ ਗੱਲਾਂ ਆਪ ਦੀ ਸ਼ਾਨ ਦੇ ਵਿਰੁੱਧ ਹਨ."#ਇਹ ਬਾਦਸ਼ਾਹ ਰਾਗਵਿਦ੍ਯਾ ਦਾ ਭਾਰੀ ਵੈਰੀ ਸੀ, ਕਿਉਂਕਿ ਗਾਉਣਾਂ ਬਜਾਉਣਾਂ ਮੁਹੰਮਦੀ ਸ਼ਰਾ ਦੇ ਵਿਰੁੱਧ ਜਾਣਦਾ ਸੀ, ਇਸੇ ਲਈ ਸ਼ਾਹੀ ਗਵੱਯੇ ਸਭ ਮੌਕੂਫ ਕਰ ਦਿੱਤੇ ਸਨ. ਇੱਕ ਵੇਰ ਦਿੱਲੀ ਦੇ ਸਾਰੇ ਰਾਗੀ ਵਡਾ ਕੁਲਾਹਲ ਕਰਦੇ ਹੋਏ ਸ਼ਾਹੀ ਮਹਿਲ ਪਾਸਦੀਂ ਇੱਕ ਜਨਾਜ਼ੇ ਪਿੱਛੇ ਜਾ ਰਹੇ ਸਨ, ਪੁੱਛਣ ਤੋਂ ਬਾਦਸ਼ਾਹ ਨੂੰ ਉੱਤਰ ਮਿਲਿਆ ਕਿ ਆਪ ਦੀ ਅਮਲਦਾਰੀ ਵਿੱਚ ਰਾਗ ਮਰ ਗਿਆ ਹੈ ਉਸ ਨੂੰ ਦਫ਼ਨ ਕਰਨ ਜਾ ਰਹੇ ਹਾਂ. ਔਰੰਗਜ਼ੇਬ ਨੇ ਆਖਿਆ ਕਿ ਇਸ ਸ਼ੈਤਾਨ ਨੂੰ ਡੂੰਘਾ ਦੱਬਣਾ ਤਾਕਿ ਫੇਰ ਬਾਹਰ ਨਾ ਨਿਕਲੇ.#ਔਰੰਗਜ਼ੇਬ ਦੇ ਅਤ੍ਯਾਚਾਰ (ਜ਼ੁਲਮ ਅਤੇ ਅਨ੍ਯਾਯ) ਨੇ ਹੀ ਸ਼ਿਵਾ ਜੀ ਨੂੰ ਇਸ ਦਾ ਵੈਰੀ ਬਣਾਇਆ, ਜਿਸ ਤੋਂ ਮਰਹਟੇ ਮੁਗਲਰਾਜ ਦੀ ਜੜ ਪੁੱਟਣ ਦੇ ਆਹਰ ਲੱਗੇ. ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਕਤਲ ਕਰਕੇ ਸਾਰੇ ਸਿੱਖਾਂ ਦੇ ਮਨਾਂ ਵਿੱਚ ਦੁਸ਼ਮਨੀ ਦਾ ਬੀਜ ਬੀਜ ਦਿੱਤਾ, ਜਿਸ ਦਾ ਫਲ ਉਸ ਦੀ ਔਲਾਦ ਨੂੰ ਭੋਗਣਾ ਪਿਆ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਜਫ਼ਰਨਾਮਹ" ਇਸੇ ਨੂੰ ਭੇਜਿਆ ਸੀ, ਜਿਸ ਵਿੱਚ ਸ਼ੁਭ ਉਪਦੇਸ਼ ਭਰੇ ਹੋਏ ਹਨ.#ਔਰੰਗਜ਼ੇਬ ਮਰਣ ਸਮੇਂ ਆਪਣੀ ਕਰਣੀ ਉੱਪਰ ਖ਼ੁਦ ਪਛਤਾਉਂਦਾ ਸੀ, ਉਹ ਆਪਣੇ ਪੁਤ੍ਰ ਨੂੰ ਲਿਖਦਾ ਹੈ- "ਅਵਗੁਣਾਂ ਤੋਂ ਛੁਟ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ, ਅਤੇ ਪਾਪ ਹੀ ਇਕੱਠੇ ਕਰਕੇ ਲੈ ਚੱਲਿਆ ਹਾਂ. ਮੈ ਭਾਰੀ ਭੁੱਲਾਂ ਕੀਤੀਆਂ ਹਨ, ਅਤੇ ਪਤਾ ਨਹੀਂ ਕਿ ਕੀ ਸਜ਼ਾ ਮਿਲੇਗੀ. ਮੈਨੂੰ ਨਜਾਤ ਲਈ ਭਾਰੀ ਚਿੰਤਾ ਹੈ."#ਆ਼ਲਮਗੀਰ ੫੦ ਵਰ੍ਹੇ ਬਾਦਸ਼ਾਹੀ ਕਰਕੇ ੯੦ ਬਰਸ ੧੭. ਦਿਨ⁴ ਦੀ ਉਮਰ ਭੋਗਕੇ ਅਹ਼ਮਦਨਗਰ ਦੱਖਣ ਵਿੱਚ ੨੧. ਫਰਵਰੀ ਸਨ ੧੭੦੭ (ਸੰਮਤ ੧੭੬੩) ਨੂੰ ਇਸ ਦੁਨੀਆਂ ਤੋਂ ਕੂਚ ਕਰ ਗਿਆ ਅਤੇ ਦੌਲਤਾਬਾਦ ਦੇ ਪਾਸ ਰੌਜ਼ੇ ਵਿੱਚ ਦਫ਼ਨ ਕੀਤਾ ਗਿਆ.#ਔਰੰਗਜ਼ੇਬ ਜੇ ਪੰਜ ਪੁਤ੍ਰ (ਸੁਲਤ਼ਾਨ ਮੁਹ਼ੰਮਦ, ਬਹਾਦੁਰ ਸ਼ਾਹ, ਆ਼ਜ਼ਮ ਸ਼ਾਹ, ਮੁਹ਼ੰਮਦ ਅਕਬਰ, ਕਾਮ ਬਖਸ਼) ਅਤੇ ਚਾਰ ਪੁਤ੍ਰੀਆਂ (ਜ਼ੇਬੁੱਨਿਸਾ, ਜ਼ਿਨੱਤੁੱਨਿਸਾ, ਬਦਰੁੱਨਿਸਾ, ਮਿਹਰੁੱਨਿਸਾ) ਸਨ.#ਇਸ ਦੇ ਮਰਣ ਸਮੇਂ ਰਿਆਸਤ ਦੀ ਆਮਦਨ ੩੧੭, ੯੩੫, ੦੫੦ ਰੁਪਯੇ ਸੀ.
ਔਰੰਗਜ਼ੇਬ ਬਦਸ਼ਾਹ. "ਔਰੰਗਾ ਚੜਿਆ ਜੁੱਧ ਨੂੰ ਜੇਬੁਨਿਸਾ ਪੁਕਾਰੇ." (ਜੰਗਨਾਮਾ)
ਹੈਦਰਾਬਾਦ ਦੱਖਣ ਦੇ ਇਲਾਕੇ ਇੱਕ ਪ੍ਰਸਿੱਧ ਨਗਰ, ਜਿਸ ਦਾ ਪਹਿਲਾ ਨਾਉਂ ਖਿਰਕੀ ਸੀ. ਸਨ ੧੬੫੩ ਵਿੱਚ ਸ਼ਾਹਜ਼ਾਦਾ ਔਰੰਗਜ਼ੇਬ ਨੇ ਆਪਣੇ ਨਾਉਂ ਤੇ ਇਸ ਦਾ ਨਾਉਂ ਔਰੰਗਾਬਾਦ ਥਾਪਿਆ.
ਦੇਖੋ, ਅੱਵਲ ਅਤੇ ਅਉਲਿ. ੨. ਸੰਗ੍ਯਾ- ਚਿੱਟੇ ਰੰਗ ਦਾ ਜ਼ਿਮੀਕੰਦ. L. Arum Campanulatum.
ਅ਼. [اولے] ਵਿ- ਸਭ ਤੋਂ ਚੰਗਾ. ਅਤਿ ਉੱਤਮ. ਬਿਹਤਰ.
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ.