ਪਰਿਭਾਸ਼ਾ
ਵਿ- ਅਫਿਰ. ਅਮੋੜ. "ਚਲੈ ਹੁਕਮ ਅਫਾਰ." (ਸ੍ਰੀ ਅਃ ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. "ਬਿਨ ਗੁਰੁ ਕਾਲ ਅਫਾਰ." (ਸ੍ਰੀ ਅਃ ਮਃ ੧) ਅਫਿਰ (ਅਮੇਟ) ਹੈ. "ਕਰਿਆ ਹੁਕਮ ਅਫਾਰਾ." (ਸੋਰ ਅਃ ਮਃ ੫) ੨. ਸੰ. स्फार- ਸ੍ਫਾਰ. ਵਿ- ਵਿਸਤਾਰ ਸਹਿਤ. ਫੈਲਿਆ ਹੋਇਆ। ੩. ਚੌੜਾ। ੪. ਵੱਡਾ. "ਮੋਲ ਅਫਾਰਾ ਸਚ ਵਾਪਾਰਾ." (ਵਡ ਛੰਤ ਮਃ ੩) "ਤਾ ਕੋ ਭਾਰ ਅਫਾਰ." (ਬਾਵਨ) ੫. ਤੁੰਦ. ਤੇਜ਼. "ਬਰਤਹਿ ਹੋਇ ਅਫਾਰ." (ਸ੍ਰੀ ਮਃ ੫) ੬. ਆਧਮਾਨ ਰੋਗ. [نفخ شِکم] ਨਫ਼ਖ਼ ਸ਼ਿਕਮ Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ, ਬਾਦੀ ਦਾ ਜਾਦਾ ਹੋਣਾ, ਖੁਲ੍ਹਕੇ ਮੈਲ ਨਾ ਝੜਨੀ, ਮੇਦੇ ਅਤੇ ਜਿਗਰ ਵਿੱਚ ਕੋਈ ਖਰਾਬੀ ਹੋਣੀ ਆਦਿਕ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਪੇਟ ਮਸ਼ਕ ਦੀ ਤਰ੍ਹਾਂ ਫੁਲ ਜਾਂਦਾ ਹੈ, ਸਾਹ ਔਖਾ ਆਉਂਦਾ ਹੈ, ਢਿੱਡ ਵਿੱਚ ਕਦੇ ਮੁਸਮੁਸੀ ਹੁੰਦੀ ਹੈ, ਜੀ ਮਤਲਾਉਂਦਾ ਹੈ. ਜੋ ਔਖਦੀਆਂ ਸੂਲ ਰੋਗ ਦੂਰ ਕਰਦੀਆਂ ਹਨ, ਉਹ ਅਫਾਰਾ ਭੀ ਹਟਾਉਂਦੀਆਂ ਹਨ. ਇਸ ਲਈ ਸੂਲ ਰੋਗ ਵਿੱਚ ਲਿਖੀ ਦਵਾਈਆਂ ਵਰਤਣੀਆਂ ਚਾਹੀਏ. ਜੇ ਅਫਾਰਾ ਵਾਰ ਵਾਰ ਹੋਵੇ ਅਤੇ ਕਈ ਕਈ ਦਿਨ ਰਹੇ, ਤਦ ਹੇਠ ਲਿਖੀ ਗੋਲੀਆਂ ਸੇਵਨ ਕਰਨੀਆਂ ਲੋੜੀਏ:-#ਨਿਸੋਤ ਦੋ ਹਿੱਸੇ, ਮਘਾਂ ਚਾਰ ਹਿੱਸੇ, ਹਰੜ ਪੰਜ ਹਿੱਸੇ, ਇਨ੍ਹਾਂ ਦਾ ਕੁੱਟ ਛਾਣਕੇ ਚੂਰਣ ਬਣਾਕੇ ਸਭ ਦੇ ਸਮਾਨ ਗੁੜ ਮਿਲਾਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਕਰ ਲੈਣੀਆਂ, ਸਵੇਰ ਵੇਲੇ ਜਲ ਨਾਲ ਇੱਕ ਜਾਂ ਦੋ ਗੋਲੀਆਂ ਲੈਣ ਤੋਂ ਅਫਾਰਾ ਜਾਂਦਾ ਰਹਿੰਦਾ ਹੈ.#ਮਸਤਗੀ ਰੂਮੀ ਤਿੰਨ ਮਾਸ਼ੇ ਪੀਸਕੇ ਇੱਕ ਤੋਲਾ ਗੁਲਕੰਦ ਵਿੱਚ ਮਿਲਾਕੇ ਖਾਣੀ ਅਤੇ ਸੌਂਫ ਪੋਦੀਨੇ ਦਾ ਅਰਕ ਪੀਣਾ ਲਾਭਦਾਇਕ ਹੈ। ੭. ਅਭਿਮਾਨ ਨਾਲ ਆਦਮੀ ਦਾ ਫੁੱਲਣਾ. ਖ਼ੁਦੀ ਨਾਲ ਆਫਰਨਾ. ਹੰਕਾਰ ਨਾਲ ਆਕੜਨਾ. "ਏਕ ਮਹਲਿ ਤੂੰ ਹੋਹਿ ਅਫਾਰੋ, ਏਕ ਮਹਲਿ ਨਿਮਾਨੋ." (ਗਉ ਮਃ ੫) "ਆਕੀ ਮਰਹਿ ਅਫਾਰੀ." (ਮਾਰੂ ਮਃ ੧)
ਸਰੋਤ: ਮਹਾਨਕੋਸ਼
APHÁRÁ
ਅੰਗਰੇਜ਼ੀ ਵਿੱਚ ਅਰਥ2
s. m, swelling of the belly, &c. c. w. chaṛhná or painá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ