ਪਰਿਭਾਸ਼ਾ
ਯੂ. ਪੀ. ਵਿੱਚ ਜਮਨਾ ਦੇ ਕਿਨਾਰੇ ਇੱਕ ਨਗਰ, ਜਿਸ ਨੂੰ ਬਾਦਸ਼ਾਹ ਸਿਕੰਦਰ ਲੋਦੀ ਨੇ ਸਭ ਤੋਂ ਪਹਿਲਾਂ ਰਾਜਧਾਨੀ ਬਣਾਇਆ. ਉਸ ਨੇ ਯਮਨਾ ਦੇ ਕਿਨਾਰੇ "ਬਦਲਗੜ੍ਹ" ਨਾਮਕ ਕਿਲਾ ਰਚਿਆ. ਫੇਰ ਅਕਬਰ ਬਾਦਸ਼ਾਹ ਨੇ ਉਸੇ ਥਾਂ ਲਾਲ ਪੱਥਰ ਦਾ ਵਡਾ ਸੁੰਦਰ ਅਤੇ ਪੱਕਾ ਕਿਲਾ, ਕਾਸਿਮ ਖਾਨ ਮੀਰ ਬਹਰ ਦੀ ਮਾਰਫਤ ੩੬ ਲੱਖ ਰੁਪਯਾ ਖਰਚਕੇ ਤਿਆਰ ਕਰਵਾਇਆ.#ਅਕਬਰ ਨੇ ਇਸ ਸ਼ਹਿਰ ਨੂੰ ਵਡੀ ਰੌਨਕ ਦਿੱਤੀ ਅਤੇ ਨਾਉਂ "ਅਕਬਰਾਬਾਦ" ਰੱਖਿਆ. ਦੇਖੋ, ਅਕਬਰ ਅਤੇ ਸ਼ਾਹ ਜਹਾਂ.#ਇਸ ਸ਼ਹਿਰ ਮਾਈਥਾਨ ਮਹੱਲੇ ਵਿੱਚ ਅਤੇ ਬਾਹਰ ਇੱਕ ਬਾਗ ਵਿੱਚ ਨੌਮੇ ਸਤਿਗੁਰੂ ਦੇ ਪਵਿਤ੍ਰ ਗੁਰੁਦ੍ਵਾਰੇ ਹਨ. ਬਾਗ ਵਿੱਚ ਦਸ਼ਮੇਸ਼ ਜੀ ਦਾ ਭੀ ਇੱਕ ਪਵਿਤ੍ਰ ਅਸਥਾਨ ਹੈ. ਗੁਰੁਪ੍ਰਤਾਪ ਸੂਰਯ ਅਨੁਸਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਭੀ ਬਾਦਸ਼ਾਹ ਜਹਾਂਗੀਰ ਨਾਲ ਇਸ ਸ਼ਹਿਰ ਵਿੱਚ ਪਧਾਰੇ ਹਨ.
ਸਰੋਤ: ਮਹਾਨਕੋਸ਼