ਈਧਨ ਤੇ ਬੈਸੰਤਰੁ
eethhan tay baisantaru/īdhhan tē baisantaru

ਪਰਿਭਾਸ਼ਾ

ਰਾਮਕਲੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ-#(੧) ਈਧਨ ਤੇ ਬੈਸੰਤਰੁ ਭਾਗੈ.#(੨) ਮਾਟੀ ਕਉ ਜਲੁ ਦਹਦਿਸ ਤਿਆਗੈ.#(੩) ਊਪਰਿ ਚਰਨ ਤਲੈ ਆਕਾਸੁ.#(੪) ਘਟਿ ਮਹਿ ਸਿੰਧੁ ਕੀਓ ਪਰਗਾਸੁ. xxx#(੫) ਪ੍ਰਥਮੈ ਮਾਖਨੁ ਪਾਛੈ ਦੂਧੁ.#(੬) ਮੈਲੂ ਕੀਨੋ ਸਾਬੁਨੁ ਸੂਧੁ.#(੭) ਭੈ ਤੇ ਨਿਰਭਉ ਡਰਤਾ ਫਿਰੈ.#(੮) ਹੋਦੀ ਕਉ ਅਣਹੋਦੀ ਹਿਰੈ.#(੯) ਦੇਹੀ ਗੁਪਤ ਬਿਦੇਹੀ ਦੀਸੈ. xxx#(੧੦) ਠਗਣਹਾਰ ਅਣਠਗਦਾ ਠਾਗੈ.#(੧੧) ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ.#(ਰਾਮ ਮਃ ੫)#ਇਸ ਦਾ ਭਾਵ ਹੈ-#(੧) ਭੋਗਾਂ ਦੀ ਸਾਮਗ੍ਰੀ ਤੋਂ ਭੋਗਾਂ ਦੀ ਰੁਚੀ ਪਰੇ ਨੱਠਦੀ ਹੈ.#(੨) ਸਖ਼ਤੀ ਅਤੇ ਸੁਸਤੀ ਦੀ ਆਦਤ ਨੂੰ ਦ੍ਰਵਿਆ ਹੋਇਆ ਸ਼ਾਂਤ ਮਨ ਸਭ ਪਾਸਿਓਂ (ਭਾਵ- ਪੂਰੀ ਤਰਾਂ) ਤਿਆਗਦਾ ਹੈ.#(੩) ਸੇਵਕਭਾਵ ਨੇ ਉੱਚਤਾ ਪਾਈ ਹੈ, ਹੌਮੈ ਹੇਠਾਂ ਆ ਗਈ ਹੈ.#(੪) ਦਿਲ ਵਿੱਚ ਗੁਣਾਂ ਦੇ ਸਮੁੰਦਰ ਨੇ ਨਿਵਾਸ ਕੀਤਾ ਹੈ.#(੫) ਵਿਦ੍ਯਾ ਦਾ ਤੱਤ ਪਹਿਲਾਂ ਪ੍ਰਾਪਤ ਹੋਇਆ ਹੈ ਅਤੇ ਕਿਤਾਬੀ ਇਲਮ ਪਿੱਛੋਂ।#(੬) ਨੀਚ ਅਤੇ ਤੁੱਛ ਲੋਕਾਂ ਨੇ ਸੁਧਾਰਕ ਪੰਡਿਤਾਂ ਨੂੰ ਸ਼ੁੱਧ ਕਰ ਦਿੱਤਾ ਹੈ.#(੭) ਜੋ ਭੈ ਨਾਲ ਡਰਦਾ ਫਿਰਦਾ ਸੀ ਹੁਣ ਨਿਰਭੈ ਹੋ ਗਿਆ ਹੈ.#(੮) ਜਗਤ ਦੀ ਹੋਂਦ ਨੂੰ, ਸੰਸਾਰ ਦੀ ਅਣਹੋਂਦ (ਭਾਵ- ਅਸੱਤ ਭਾਵਨਾ) ਮਿਟਾ ਰਹੀ ਹੈ।#(੯) ਦੇਹੀ ਵਿੱਚ ਗੁਪਤ ਹੋਇਆ ਵਿਦੇਹੀ (ਆਤਮਾ) ਦਾ ਸਾਖ੍ਯਾਤਕਾਰ ਹੋ ਰਹਿਆ ਹੈ.#(੧੦) ਜਗਤ ਨੂੰ ਠਗਣ ਵਾਲੇ ਵਿਕਾਰ ਅਤੇ ਵਿਕਾਰੀਆਂ ਨੂੰ, ਨਾ ਠਗਾਈ ਖਾਣ ਵਾਲਾ (ਆਤਮ- ਗ੍ਯਾਨੀ) ਠਗਦਾ ਹੈ.#(੧੧) ਜੋ ਵਸਤੁ ਵਖਰ (ਵਿਕ੍ਰਯ- ਵੇਚਣ ਯੋਗ੍ਯ) ਨਹੀਂ, ਉਸ ਨੂੰ ਵਾਰੰਵਾਰ ਜਤਨ ਨਾਲ ਸਿੱਧ ਕਰਦਾ ਹੈ. ਭਾਵ- ਆਤਮਵਿਦ੍ਯਾ ਦਾ ਨਿਰੰਤਰ ਅਭ੍ਯਾਸ ਕਰਦਾ ਹੈ.
ਸਰੋਤ: ਮਹਾਨਕੋਸ਼