ਈਸਟ ਇੰਡੀਆ ਕੰਪਨੀ
eesat indeeaa kanpanee/īsat indīā kanpanī

ਪਰਿਭਾਸ਼ਾ

East India Company. ਇਸ ਨਾਉਂ ਦੀਆਂ ਕਈ ਕੰਪਨੀਆਂ ਪੂਰਬੀ ਅਤੇ ਦੱਖਣੀ ਏਸ਼ੀਆ ਵਿੱਚ ਹੋਈਆਂ ਹਨ, ਜਿਨ੍ਹਾਂ ਵਿੱਚੋਂ ਫ੍ਰਾਂਸ ਅਤੇ ਇੰਗਲੈਂਡ ਦੀਆਂ ਬਹੁਤ ਮਸ਼ਹੂਰ ਹਨ.#ਫ੍ਰਾਂਸ ਦੀ ਪਹਿਲੀ ਕੰਪਨੀ ਸਨ ੧੬੦੪ ਵਿੱਚ ਬਣੀ, ਅਤੇ ਇੰਗਲਿਸ਼ ਈਸਟ ਇੰਡੀਆ ਕੰਪਨੀ ੩੧ ਦਿਸੰਬਰ ਸਨ ੧੬੦੦ ਨੂੰ ੭੨੦੦੦ ਪੌਂਡ ਦੀ ਪੂੰਜੀ ਨਾਲ ਕਾਇਮ ਹੋਈ. ਇਸ ਕੰਪਨੀ ਨੂੰ ਹਿੰਦੁਸਤਾਨ ਚੀਨ ਆਦਿ ਪੂਰਬੀ ਦੇਸਾਂ ਨਾਲ ਵਪਾਰ ਕਰਨ ਦਾ ਅਧਿਕਾਰ ਸੀ. ਸਨ ੧੬੧੦- ੧੧ ਵਿੱਚ ਕਪਤਾਨ ਹਿੱਪਨ ਨੇ ਹਿੰਦੁਸਤਾਨ ਵਿੱਚ ਪਹਿਲੀ ਕੋਠੀ ਖੋਲ੍ਹੀ.#ਸਨ ੧੬੧੨ ਵਿੱਚ ਜਹਾਂਗੀਰ ਬਾਦਸ਼ਾਹ ਤੋਂ ਪਰਵਾਨਗੀ ਲੈ ਕੇ ਸਨ ੧੬੧੩ ਵਿੱਚ ਵਪਾਰ ਦੇ ਵਾਧੇ ਲਈ ਫੈਕਟਰੀ ਖੋਲੀ. ਫੇਰ ਸ਼ਾਹਜਹਾਂ ਤੋਂ ਸਨ ੧੬੩੪ ਵਿੱਚ ਬੰਗਾਲ ਅੰਦਰ ਦੋ ਕਾਰਖਾਨੇ ਖੋਲਣ ਦਾ ਹੁਕਮ ਹਾਸਿਲ ਕੀਤਾ. ਸਨ ੧੬੬੮ ਵਿੱਚ ਇੰਗਲੈਂਡ ਦੇ ਬਾਦਸ਼ਾਹ ਚਾਰਲਸ ਦੂਜੇ ਤੋਂ ਬੰਬਈ ਪ੍ਰਾਪਤ ਕੀਤੀ, ਜੋ ਚਾਰਲਸ ਨੂੰ ਪੁਰਤਗਾਲ ਵੱਲੋਂ ਦਹੇਜ (ਦਾਜ) ਵਿੱਚ ਮਿਲੀ ਹੋਈ ਸੀ. ਬਾਦਸ਼ਾਹ ਜੇਮਸ ਦੂਜੇ ਦੇ ਸਮੇਂ ਸਨ ੧੬੯੦ ਵਿੱਚ ਜਹਾਜਾਂ ਦੇ ਬੇੜੇ ਦੇ ਸਰਦਾਰ ਨਿਕਲਸਨ ਨੂੰ ਸ੍ਵਰਖ੍ਯਾ ਅਤੇ ਮੁਲਕਗੀਰੀ ਦੇ ਖਿਆਲ ਨਾਲ ਕੰਪਨੀ ਨੇ ਬੁਲਾਇਆ, ਜੋ ੧੨. ਜੰਗੀ ਜਹਾਜ, ੨੦੦ ਤੋਪਾਂ, ੬੦੦ ਸਿਪਾਹੀ ਲੈ ਕੇ ਹਿੰਦੁਸਤਾਨ ਪੁੱਜਾ. ਕੰਪਨੀ ਨੇ ਹੌਲੀ ਹੌਲੀ ਆਪਣੀ ਫੌਜੀ ਤਾਕਤ ਬਹੁਤ ਵਧਾ ਲਈ. ਸਨ ੧੬੯੮ ਵਿੱਚ ਕਲਕੱਤਾ ਅਤੇ ਹੋਰ ਕਈ ਨਗਰ ਖਰੀਦੇ. ਫੋਰਟਵਿਲੀਯਮ ਦੀ ਰਚਨਾ ਕੀਤੀ. ਸਨ ੧੭੫੭ ਵਿੱਚ ਕਲਾਇਵ ਨੇ ਬੰਗਾਲ ਦੇ ਸੂਬੇਦਾਰ ਨਵਾਬ ਸਿਰਾਜੁੱਦੌਲਾ ਨੂੰ ਜਿੱਤਕੇ ਬਹੁਤ ਮੁਲਕ ਕਬਜੇ ਕੀਤਾ. ਇਸੇ ਤਰਾਂ ਭਾਰਤ ਦੇ ਅਨੇਕ ਦੇਸਾਂ ਵਿੱਚ ਪੈਰ ਪੱਕੇ ਜਮਾਏ. ਸਨ ੧੭੭੨ ਵਿੱਚ ਪਾਰਲੀਮੈਂਟ ਨੇ ਕੰਪਨੀ ਤੇ ਆਪਣਾ ਕੁੰਡਾ ਰੱਖਣਾ ਨੀਅਤ ਕੀਤਾ. ਸਨ ੧੭੮੪ ਵਿੱਚ ਇੱਕ ਬੋਰਡ ਬਣਾਇਆ, ਜੋ ਕੰਪਨੀ ਦੇ ਰਾਜਸੀ ਕੰਮਾਂ ਤੇ ਪੂਰੀ ਨਿਗਰਾਨੀ ਰੱਖੇ. ਅੰਤ ਸਨ ੧੮੫੮ ਵਿੱਚ ਪਾਰਲੀਮੈਂਟ ਦੀ ਇੱਛਾ ਅਨੁਸਾਰ ਕੰਪਨੀ ਨੇ ਹਿੰਦੁਸਤਾਨ ਦਾ ਰਾਜ ਕ੍ਵੀਨ ਵਿਕਟੋਰੀਆ (Queen Victoria) ਦੇ ਸਪੁਰਦ ਕੀਤਾ ਅਤੇ ਸਨ ੧੮੭੭ ਵਿੱਚ ਇੰਗਲੈਂਡ ਦੀ ਰਾਣੀ ਭਾਰਤ ਦੀ ਮਹਾਰਾਣੀ (Empress) ਪਦਵੀ ਤੇ ਸੁਸ਼ੋਭਿਤ ਹੋਈ.
ਸਰੋਤ: ਮਹਾਨਕੋਸ਼