ਉਸਨਤਾਪ
usanataapa/usanatāpa

ਪਰਿਭਾਸ਼ਾ

ਸੰ. उष्णताप. ਉਸ੍ਣਤਾਪ. ਸੰਗ੍ਯਾ- ਪਿੱਤਜ਼ਰ ਗਰਮੀ ਤੋਂ ਹੋਇਆ ਤਾਪ, ਪਿੱਤ ਦੇ ਵਿਕਾਰ ਤੋਂ ਹੋਇਆ ਬੁਖਾਰ [صفرادی حُمی] Bilious fever ਮੇਦੇ ਅਤੇ ਜਿਗਰ ਵਿੱਚ ਵਿਕਾਰ ਹੋਣ ਤੋਂ ਸਰੀਰ ਦੀ ਕੁਦਰਤੀ ਗਰਮੀ ਆਪਣੀ ਮਰਯਾਦਾ ਤੋਂ ਲੰਘਕੇ ਲਹੂ ਵਿੱਚ ਜੋਸ਼ ਪੈਦਾ ਕਰ ਦਿੰਦੀ ਹੈ, ਜਿਸਤੋਂ ਖੂਨ ਤਪ ਜਾਂਦਾ ਹੈ, ਨੇਤ੍ਰਾਂ ਵਿੱਚ ਦਾਹ ਹੁੰਦਾ ਹੈ, ਨੀਂਦ ਨਹੀਂ ਆਉਂਦੀ, ਮੂੰਹ ਕੰਠ ਨੱਕ ਵਿੱਚ ਸੋਜ ਅਥਵਾ ਜਲਨ ਨਾਲ ਖੁਸ਼ਕੀ ਹੁੰਦੀ ਹੈ, ਜੀ ਮਤਲਾਉਂਦਾ ਹੈ, ਮੂੰਹ ਦਾ ਸੁਆਦ ਕੌੜਾ ਹੁੰਦਾ ਹੈ, ਪੇਸ਼ਾਬ ਦਾ ਰੰਗ ਬਹੁਤ ਪੀਲਾ ਹੋ ਜਾਂਦਾ ਹੈ, ਪਿਆਸ ਬਹੁਤ ਲੱਗਦੀ ਹੈ ਅਤੇ ਸਿਰ ਪੀੜ ਹੰਦੀ ਹੈ।#ਇਸ ਰੋਗ ਵਿੱਚ ਪਹਿਲਾਂ ਕਬਜ ਹਟਾਉਣ ਦਾ ਯਤਨ ਕਰਨਾ ਚਾਹੀਏ, ਫੇਰ ਕੜੂ, ਨਾਗਰਮੋਥਾ, ਇੰਦ੍ਰ ਜੌਂ, ਕਾਯਫਲ, ਪਾਠਾ, ਇਹ ਦਵਾਈਆਂ ਸਭ ਬਰੋਬਰ ਲੈ ਕੇ ਬਰੀਕ ਕੁੱਟਕੇ, ਪਾਉ ਭਰ ਪਾਣੀ ਵਿੱਚ ਇੱਕ ਤੋਲਾ ਪਾਕੇ ਉਬਾਲ ਲਈਏ, ਜਦ ਅੱਧਾ ਪਾਣੀ ਰਹਿ ਜਾਵੇ ਤਾਂ ਇਕ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਰੋਗੀ ਨੂੰ ਪਿਲਾਉਣ ਤੋਂ ਉਸਨਤਾਪ ਦੂਰ ਹੋ ਜਾਂਦਾ ਹੈ।#ਅਥਵਾ- ਪਿੱਤਪਾਪੜਾ, ਬਾਂਸਾ, ਕੜੂ, ਚਰਾਇਤਾ, ਧਨੀਆਂ, ਮਹਿੰਦੀ, ਇੱਕੋ ਜਿਤਨੀਆਂ ਕੁੱਟਕੇ ਸਵਾ ਤੋਲਾ ਲੈ ਕੇ ਪਾਉ ਪਾਣੀ ਵਿਚ ਉਬਾਲਾ ਦੇਕੇ ਅੱਧਾ ਪਾਣੀ ਰਹਿਣ ਤੋਂ ਤੋਲਾ ਮਿਸ਼ਰੀ ਮਿਲਾਕੇ ਛਾਣਕੇ ਪਿਆਉਣਾ ਗੁਣਕਾਰੀ ਹੈ.#ਉਸਨਤਾਪ ਵਿੱਚ ਸ਼ਰਬਤ ਆਲੂਬੁਖਾਰਾ, ਸ਼ਰਬਤ ਇਮਲੀ, ਸ਼ਰਬਤ ਬਨਫਸ਼ਾ ਅਤੇ ਸ਼ਰਬਤ ਨੀਲੋਫਰ ਵਰਤਣੇ ਹੱਛੇ ਹਨ. ਇਸ ਰੋਗ ਵਾਲੇ ਨੂ ਗਰਮ ਮਸਾਲੇ, ਗਰਮ ਅਚਾਰ ਅਤੇ ਸ਼ਰਾਬ ਆਦਿ ਤੋਂ ਬਚਣਾ ਚਾਹੀਏ. "ਸੀਤਲ ਜ੍ਵਰ ਅਰੁ ਉਸਨਤਾਪ ਭਨ। ਛਈ ਰੋਗ ਅਰੁ ਸੰਨਿਪਾਤ ਗਨ॥" (ਚਰਿਤ੍ਰ ੪੦੫) ੨. ਧੁੱਪ ਅਤੇ ਗਰਮੀ ਤੋਂ ਹੋਇਆ ਤਾਪ ਭੀ ਉਸਨਤਾਪ ਸੱਦੀਦਾ ਹੈ. Sun- stroke.
ਸਰੋਤ: ਮਹਾਨਕੋਸ਼