ਪਰਿਭਾਸ਼ਾ
ਸੰ. एकाक्षरी. ਇੱਕ ਵਰਣਿਕ ਛੰਦ, ਜਿਸ ਦੇ ਕਈ ਰੂਪ ਦੇਖੀਦੇ ਹਨ. ੧. ਚੌਹਾਂ ਚਰਣਾਂ ਵਿੱਚ ਇੱਕ ਇੱਕ ਗੁਰੁ ਅੱਖਰ ਹੋਵੇ, ਇਹ ਪਹਿਲਾ ਰੂਪ ਹੈ. ਇਸ ਦਾ ਨਾਉਂ "ਸ਼੍ਰੀ" ਭੀ ਹੈ. ਉਦਾਹਰਣ- 'ਹੈ ਗੈ ਲੈ ਕੈ.' ਘੋੜੇ ਹਾਥੀ ਲੈ ਕੇ.#੨. ਮਹੀ ਛੰਦ ਦੇ ਚਾਰੇ ਚਰਣਾਂ ਦੇ ਆਦਿ ਇੱਕੋ ਅੱਖਰ ਹੋਵੇ, ਇਹ ਏਕ ਅੱਖਰੀ ਦਾ ਦੂਜਾ ਰੂਪ ਹੈ. ਮਹੀ ਦਾ ਲੱਛਣ ਹੈ ਪ੍ਰਤਿ ਚਰਣ ਇੱਕ ਲਘੁ ਇੱਕ ਗੁਰੁ. ਉਦਾਹਰਣ- "ਅਜੈ, ਅਲੈ, ਅਭੈ, ਅਬੈ." (ਜਾਪੁ)#੩. ਮ੍ਰਿਗੇਂਦ੍ਰ ਛੰਦ ਦੇ ਚਾਰੇ ਚਰਣਾਂ ਦੇ ਆਦਿ ਇੱਕੋ ਅੱਖਰ ਹੋਵੇ, ਇਹ ਤੀਜਾ ਰੂਪ ਹੈ. ਮ੍ਰਿਗੇਂਦ੍ਰ ਦਾ ਸਰੂਪ ਹੈ ਪ੍ਰਤਿ ਚਰਣ ਇੱਕ ਜਗਣ. ਉਦਾਹਰਣ- "ਅਗੰਜ, ਅਭੰਜ, ਅਲੱਖ, ਅਭੱਖ." (ਜਾਪੁ)#੪. ਸ਼ਸ਼ੀ ਛੰਦ ਦੇ ਚੌਹਾਂ ਚਰਣਾਂ ਦੇ ਆਦਿ ਇੱਕੋ ਅੱਖਰ ਲਾਉਣ ਤੋਂ ਚੌਥਾ ਰੂਪ ਹੁੰਦਾ ਹੈ. ਸ਼ਸ਼ੀ ਦੇ ਪ੍ਰਤਿ ਚਰਣ ਇੱਕ ਯਗਣ ਹੁੰਦਾ ਹੈ. ਉਦਾਹਰਣ- "ਨ ਰਾਗੇ, ਨ ਰੰਗੇ, ਨ ਰੂਪੇ, ਨ ਰੇਖੇ." (ਜਾਪੁ)#੫. ਇੱਕ ਅੱਖਰ ਨਾਲ ਹੀ ਸਾਰਾ ਛੰਦ ਰਚੀਏ, ਦੂਜਾ ਅੱਖਰ ਨਾ ਲਾਈਏ. ਛੰਦ ਚਾਹੋ ਕਿਸੇ ਜਾਤਿ ਦਾ ਹੋਵੇ, ਇਹ ਪੰਜਵਾਂ ਰੂਪ ਹੈ. ਉਦਾਹਰਣ- "ਕੇਕੀ ਕੋਕ ਕੰਕ ਦੀ ਕੂਕ." xxx ਮੋਰ ਚਕਵਾ ਅਤੇ ਗਿੱਧ ਦੀ ਪੁਕਾਰ.
ਸਰੋਤ: ਮਹਾਨਕੋਸ਼