ਪਰਿਭਾਸ਼ਾ
Allard ਅਤੇ ਵੈਨਤੂਰਾ (Ventura) ਇਹ ਦੋਵੇਂ ਫਰਾਂਸ ਦੇ ਸ਼ਹਨਸ਼ਾਹ ਨਪੋਲੀਅਨ ਬੋਨਾਪਾਰਟ Napoleon Bonaparte¹ ਦੇ ਫੌਜੀ ਅਹੁਦੇਦਾਰ ਸਨ. ਵਾਟਰਲੂ ਦੀ ਲੜਾਈ ਵਿੱਚ ਨਪੋਲੀਅਨ ਦੀ ਹਾਰ ਹੋਣ ਤੋਂ ਫੌਜ ਛਿੰਨ ਭਿੰਨ ਹੋ ਗਈ, ਇਸ ਲਈ ਨੌਕਰੀ ਦੀ ਤਲਾਸ਼ ਵਿੱਚ ਈਰਾਨ ਦੇ ਰਾਹ ਇਹ ਹਿੰਦੁਸਤਾਨ ਪੁੱਜੇ. ਵੈਨਤੂਰਾ ਇਟੇਲੀਅਨ ਅਤੇ ਐਲਾਰਡ ਫ੍ਰੈਂਚ (ਫ਼੍ਰਾਂਸੀਸੀ) ਸੀ. ਮਾਰਚ ਸਨ ੧੮੨੨ ਵਿੱਚ ਇਹ ਲਹੌਰ ਆਏ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਅੱਗੇ ਨੌਕਰੀ ਦੀ ਪ੍ਰਾਰਥਨਾ ਕੀਤੀ. ਮਹਾਰਾਜਾ ਨੇ ਦੋਹਾਂ ਨੂੰ, ਹੇਠ ਲਿਖੀਆਂ ਸ਼ਰਤਾਂ ਲਿਖਵਾਕੇ ਪੱਚੀ ਪੱਚੀ ਸੌ ਰੁਪਯਾ ਮਹੀਨਾ ਮੁਕਰਰ ਕਰਕੇ, ਫੌਜ ਨੂੰ ਕਵਾਇਦ ਸਿਖਾਉਣ ਲਈ ਜਰਨੈਲ ਥਾਪਿਆ.#ਪ੍ਰਤਿਗ੍ਯਾ ਪਤ੍ਰ:-#੧. ਜੇ ਕਦੇ ਯੂਰਪ ਦੀ ਕਿਸੇ ਤਾਕਤ ਨਾਲ ਸਿਖਰਾਜ ਦੀਆਂ ਫੌਜਾਂ ਨੂੰ ਲੜਨ ਦਾ ਮੌਕਾ ਆ ਬਣੇ, ਤਾਂ ਅਸੀਂ ਸਿੱਖਰਾਜ ਦੇ ਵਫਾਦਾਰ ਰਹਾਂਗੇ.#੨. ਯੂਰਪ ਦੀ ਕਿਸੇ ਸਲਤਨਤ ਨਾਲ ਸਿੱਧਾ ਪਤ੍ਰਵਿਹਾਰ ਨਹੀਂ ਕਰਾਂਗੇ.#੩. ਦਾੜ੍ਹੀ ਨਹੀਂ ਮੁਨਾਵਾਂਗੇ.#੪. ਗੋਮਾਂਸ ਨਹੀਂ ਖਾਵਾਂਗੇ.#੫. ਤਮਾਕੂ ਨਹੀਂ ਪੀਵਾਂਗੇ.#ਇਨ੍ਹਾਂ ਦੋਹਾਂ ਜਰਨੈਲਾਂ ਨੇ ਮਹਾਰਾਜਾ ਦੀ ਪੂਰੀ ਆਗ੍ਯਾਪਾਲਨ ਕੀਤੀ. ਵੈਨਤੂਰਾ ਨੇ ਸਨ ੧੮੩੧ ਵਿੱਚ ਸ਼ਾਹਜ਼ਾਦਾ ਖੜਕ ਸਿੰਘ ਨਾਲ ਹੋਕੇ ਪੇਸ਼ਾਵਰ ਫਤੇ ਕਰਨ ਵਿੱਚ ਉੱਤਮ ਸੇਵਾ ਕੀਤੀ.
ਸਰੋਤ: ਮਹਾਨਕੋਸ਼