ਚੌਰਾਸੀ ਲੱਖ ਯੋਨਿ
chauraasee lakh yoni/chaurāsī lakh yoni

ਪਰਿਭਾਸ਼ਾ

ਹਿੰਦੂਮਤ ਦੇ ਪ੍ਰਾਚੀਨ ਵਿਦ੍ਵਾਨਾਂ ਨੇ ਜੀਵਾਂ ਦੀਆਂ ਜਾਤੀਆਂ ਚੌਰਾਸੀ ਲੱਖ ਮੰਨੀਆਂ ਹਨ, ਅਰਥਾਤ ਚੌਰਾਸੀ ਲੱਖ ਪ੍ਰਕਾਰ ਦੇ ਸ੍‍ਥਾਵਰ ਜੰਗਮ ਜੀਵ ਹਨ. ਇਨ੍ਹਾਂ ਵਿੱਚੋਂ ਨੌ ਲੱਖ ਜਲਵਾਸੀ, ਦਸ ਲੱਖ ਪੌਣ ਵਿੱਚ ਉਡਣ ਵਾਲੇ ਪੰਛੀ, ਬੀਸ ਲੱਖ ਇਸਥਿਤ ਰਹਿਣ ਵਾਲੇ ਬਿਰਛ ਆਦਿ, ਗਿਆਰਾਂ ਲੱਖ ਪੇਟਬਲ ਚਲਣ ਵਾਲੇ ਸਰਪ ਕ੍ਰਿਮਿ ਆਦਿ, ਤੀਸ ਲੱਖ ਚੌਪਾਏ ਅਤੇ ਚਾਰ ਲੱਖ ਮਨੁੱਖ ਜਾਤਿ ਦੇ ਜੀਵ ਹਨ, ਜਿਨ੍ਹਾਂ ਵਿੱਚ ਬਾਂਦਰ, ਬਨਮਾਨੁਖ ਆਦਿ ਸਭ ਸ਼ਾਮਿਲ ਹਨ.¹#ਜੈਨੀਆਂ ਨੇ ਚੌਰਾਸੀ ਲੱਖ ਜੀਵਾਂ ਦੀ ਵੰਡ ਇਉਂ ਮੰਨੀ ਹੈ-#੭. ਲੱਖ ਪ੍ਰਿਥਿਵੀ ਵਿੱਚ, ੭. ਲੱਖ ਜਲ ਵਿੱਚ, ੭. ਲੱਖ ਪੌਣ ਵਿੱਚ, ੭. ਲੱਖ ਅਗਨਿ ਵਿੱਚ, ੧੦. ਲੱਖ ਕੰਦ (ਗਾਜਰ ਮੂਲੀ ਆਦਿ) ਵਿੱਚ, ੧੪. ਲੱਖ ਝਾੜੀ ਬਿਰਛ ਆਦਿ ਵਿੱਚ, ੨. ਲੱਖ ਦੋ ਇੰਦ੍ਰੀਆਂ ਵਾਲੇ ਅਰਥਾਤ ਜੋ ਤੁਚਾ ਅਤੇ ਮੂੰਹ ਰੱਖਦੇ ਹਨ, ੨. ਲੱਖ ਤਿੰਨ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ, ਮਖ ਅਤੇ ਨੇਤ੍ਰ ਰਖਦੇ ਹਨ, ੨. ਲੱਖ ਚਾਰ ਇੰਦ੍ਰੀਆਂ ਵਾਲੇ, ਅਰਥਾਤ ਜੋ ਤੁਚਾ, ਮੁਖ, ਨੱਕ ਅਤੇ ਨੇਤ੍ਰ ਰਖਦੇ ਹਨ, ੪. ਲੱਖ ਦੇਵਤਾ, ਜੋ ਸੁਰਗ ਵਿੱਚ ਰਹਿੰਦੇ ਹਨ, ੪. ਲੱਖ ਨਰਕ ਦੇ ਜੀਵ, ੧੪. ਲੱਖ ਮਨੁੱਖਜਾਤਿ, ਜੋ ਇੱਕ ਟੰਗੀਏ ਅਤੇ ਦੁਟੰਗੇ ਹਨ, ੪. ਲੱਖ ਚੌਪਾਏ ਪਸ਼ੂ.
ਸਰੋਤ: ਮਹਾਨਕੋਸ਼