ਜਨਕੁ
janaku/janaku

ਪਰਿਭਾਸ਼ਾ

ਕ੍ਰਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗ੍ਯਾਤਾ. ਗਿਆਨੀ. "ਜਨਕੁ ਸੋਇ ਜਿਨ੍ਹਿ ਜਾਣਿਆ." (ਸਵੈਯੇ ਮਃ ੪. ਕੇ) "ਹਰਿ ਕਾ ਨਾਮ ਜਨਕ ਉਧਾਰੈ." (ਗਉ ਮਃ ੫) "ਜਨਕ ਜਨਕ ਬੈਠੇ ਸਿੰਘਾਸਨਿ." (ਕਾਨ ਅਃ ਮਃ ੪) ਗਿਆਨੀ ਜਨਕ ਸਿੰਘਾਸਨ ਤੇ ਬੈਠੇ। ੩. ਸੰ. जनक ਵਿ- ਜਨਮਦਾਤਾ. ਜਣਨ ਵਾਲਾ. ਉਤਪੰਨ ਕਰਤਾ। ੪. ਸੰਗ੍ਯਾ- ਪਿਤਾ. ਬਾਪ. ਲੈਕਰ ਦੁਤਾਰਾ ਗਾਵੈ ਸੰਗਤਿ ਮੇਂ ਵਾਰ ਆਸਾ.#ਪਕੜ ਦੁਧਾਰਾ ਵਾਹੈ ਸਤ੍ਰੁ ਸਿਰ ਆਰਾ ਹੈ,#ਕੜਛਾ ਲੈ ਹਾਥ ਬਰਤਾਵਤ ਅਤੁੱਟ ਦੇਗ#ਕਠਿਨ ਕੋਦੰਡ ਵਾਣ ਵੇਧ ਕਰੈ ਪਾਰਾ ਹੈ,#ਭਕ੍ਤਿ ਗ੍ਯਾਨ ਪ੍ਰੇਮ ਔ ਵੈਰਾਗ ਕੀ ਸੁਨਾਵੈ ਕਥਾ#ਚੜ੍ਹਕੈ ਤੁਰੰਗ ਜੰਗ ਦੇਵੈ ਲਲਕਾਰਾ ਹੈ,#ਤਤ੍ਵਗ੍ਯਾਨੀ ਦਾਨੀ ਯੋਧਾ ਗ੍ਰਿਹੀ ਤ੍ਯਾਗੀ ਗੁਰੂਚੇਲਾ#ਵਾਹ ਵਾਹ! ਧਨ੍ਯ ਧਨ੍ਯ! "ਜਨਕ" ਹਮਾਰਾ ਹੈ. ੫. ਰਾਮਚੰਦ੍ਰ ਜੀ ਦਾ ਸਹੁਰਾ, ਸੀਤਾ ਦਾ ਪਿਤਾ ਸੀਰਧ੍ਵਜ, ਜੋ ਆਤਮਤਤ੍ਵ ਦਾ ਵੇੱਤਾ ਅਤੇ ਨੀਤਿ ਦਾ ਪੁੰਜ ਸੀ. ਇਹ ਰਾਜ ਕਰਦਾ ਹੋਇਆ ਭੀ ਸੰਨ੍ਯਾਸੀ ਸੀ. ਜਨਕ ਦੀ ਸ਼ਭਾ ਵਿਦ੍ਵਾਨਾਂ ਅਤੇ ਰਿਖੀਆਂ ਨਾਲ ਭਰਪੂਰ ਰਹਿੰਦੀ ਸੀ. "ਜਪਿਓ ਨਾਮੁ ਸੁਕ ਜਨਕ ਗੁਰਬਚਨੀ." (ਮਾਰੂ ਮਃ ੪)#ਮਿਥਿਲਾ ਦੇ ਪਤੀ ਰਾਜਿਆਂ ਦਾ "ਜਨਕ" ਖ਼ਿਤਾਬ ਹੋ ਗਿਆ ਸੀ, ਕਿਉਂਕਿ ਇਸ ਵੰਸ਼ ਵਿੱਚ ਇੱਕ ਪ੍ਰਤਾਪੀ ਜਨਕ ਨਾਉਂ ਦਾ ਰਾਜਾ ਹੋਇਆ ਸੀ. ਵਾਲਮੀਕ ਕਾਂਡ ੧, ਅਃ ੭੧ ਵਿੱਚ ਜਨਕਵੰਸ਼ ਇਉਂ ਲਿਖਿਆ ਹੈ:-#ਪਹਿਲਾ ਮਿਥਿਲਾ ਦਾ ਰਾਜਾ ਨਿਮਿ ਹੋਇਆ, ਉਸ ਦਾ ਪੁਤ੍ਰ ਮਿਥਿ, ਉਸ ਦਾ ਜਨਕ, (ਇਸੇ ਜਨਕ ਤੋਂ ਵੰਸ਼ ਦਾ ਨਾਮ "ਜਨਕ" ਪਿਆ), ਜਨਕ ਦਾ ਪੁਤ੍ਰ ਉਦਾਵਸੁ, ਉਸ ਦਾ ਨੰਦਿਵਰਧਨ, ਉਸ ਦਾ ਸੁਕੇਤੁ, ਉਸ ਦਾ ਦੇਵਰਾਤ ਹੋਇਆ (ਇਸ ਪਾਸ ਸ਼ਿਵ ਨੇ ਧਨੁਖ ਇਮਾਨਤ ਰੱਖਿਆ, ਜੋ ਸੀਤਾ ਦੇ ਸ੍ਵਯੰਬਰ ਵੇਲੇ ਰਾਮਚੰਦ੍ਰ ਜੀ ਨੇ ਤੋੜਿਆ), ਦੇਵਰਾਤ ਦਾ ਪੁਤ੍ਰ ਬ੍ਰਿਹਦ੍ਰਥ, ਉਸ ਦਾ ਮਹਾਂਵੀਰ, ਉਸ ਦਾ ਸੁਧ੍ਰਿਤਿਮਾਨ, ਉਸ ਦਾ ਧ੍ਰਿਸ੍ਟਕੇਤੁ, ਉਸ ਦਾ ਹਰਿਯਸ਼੍ਵ, ਉਸ ਦਾ ਮਰੁ, ਉਸ ਦਾ ਪ੍ਰਤੀਂਧਕ, ਉਸ ਦਾ ਕੀਰਤਿਰਥ, ਉਸ ਦਾ ਦੇਵਮੀਢ, ਉਸ ਦਾ ਵਿਬੁਧ, ਉਸ ਦਾ ਮਹੀਧ੍ਰਕ, ਉਸ ਦਾ ਕੀਰਤਿਰਾਤ, ਉਸ ਦਾ ਮਹਾਰੋਮਾ, ਉਸ ਦਾ ਸ੍ਵਰਣਰੋਮਾ, ਉਸ ਦਾ ਹ੍ਰਸ੍ਵਰੋਮਾ ਹੋਇਆ. ਹ੍ਰਸ੍ਵਰੋਮਾ ਦੇ ਦੋ ਪੁਤ੍ਰ ਹੋਏ, ਇੱਕ ਸੀਰਧ੍ਵਜ, ਜੋ ਰਾਮ ਅਤੇ ਲਛਮਣ ਦਾ ਸਹੁਰਾ ਸੀ, ਦੂਜਾ ਕੁਸ਼ਧ੍ਵਜ, ਜੋ ਭਰਤ ਅਤੇ ਸ਼ਤ੍ਰੂਘਨ ਦਾ ਸਹੁਰਾ ਸੀ.; ਦੇਖੋ, ਜਨਕ.
ਸਰੋਤ: ਮਹਾਨਕੋਸ਼