ਪਰਿਭਾਸ਼ਾ
ਜਿਲਾ ਅੰਬਾਲਾ, ਤਸੀਲ ਥਾਣਾ ਰੋਪੜ, ਦੇ ਪਿੰਡ ਹਰਦੋ ਨਮੋਹ ਪਾਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣਾਇਆ ਦੁਰਗ, ਜੋ ਆਬਾਦੀ ਤੋਂ ਇੱਕ ਫਰਲਾਂਗ ਪੂਰਵ ਹੈ. ਸੰਮਤ ੧੭੫੭ ਵਿੱਚ ਇੱਕ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਦਾ ਮੋਹ ਛੱਡਕੇ ਏਥੇ ਇੱਕ ਟਿੱਬੀ ਪੁਰ ਆ ਵਿਰਾਜੇ, ਤਦ ਤੋਂ ਇਸ ਦਾ ਨਾਮ ਨਿਰਮੋਹਗੜ੍ਹ ਹੈ.#ਇੱਕ ਵੇਰ ਦਸ਼ਮੇਸ਼ ਨਿਰਮੋਹਗੜ੍ਹ ਪੁਰ ਦੀਵਾਨ ਸਜਾ ਰਹੇ ਸਨ, ਤਦ ਪਹਾੜੀ ਰਾਜਿਆਂ ਦੀ ਪ੍ਰੇਰਨਾ ਨਾਲ ਇੱਕ ਤੋਪਚੀ ਨੇ ਗੁਰੂਸਾਹਿਬ ਪੁਰ ਸ਼ਿਸਤ ਲੈਕੇ ਗੋਲਾ ਚਲਾਇਆ, ਜਿਸ ਨਾਲ ਰਾਮ ਸਿੰਘ ਚੌਰਬਰਦਾਰ ਉਡਗਿਆ. ਕਲਗੀਧਰ ਨੇ ਆਪਣੇ ਤੀਰ ਨਾਲ ਉਸ ਤੋਪਚੀ ਦੀ ਉਸੇ ਵੇਲੇ ਸਮਾਪਤੀ ਕੀਤੀ.¹ ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਕੇਵਲ ਮੰਜੀਸਾਹਿਬ ਹੈ. ਨਾਲ ਜਾਗੀਰ ਜ਼ਮੀਨ ਕੁਝ ਨਹੀਂ. ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ੩੨ ਮੀਲ ਅਗਨਿ ਕੋਣ ਹੈ. ਰੋਪੜ ਦੇ ਰਸਤੇ ਨੇੜੇ ਹੈ ਕ੍ਯੋਂਕਿ ਇਹ ਅਸਥਾਨ ਕੀਰਤਪੁਰ ਪਾਸ ਹੈ. ਹੁਣ ਰੋਪੜ ਰੇਲਵੇ ਸਟੇਸ਼ਨ ਹੈ.
ਸਰੋਤ: ਮਹਾਨਕੋਸ਼