ਪਰਿਭਾਸ਼ਾ
ਜਿਲ੍ਹਾ ਲਹੌਰ ਦੇ ਸੁਰਸਿੰਘ ਪਿੰਡ¹ ਦਾ ਵਸਨੀਕ ਛੀਨੇ ਗੋਤ ਦਾ ਜੱਟ, ਜੋ ਭਿੱਖੀ ਦਾ ਪੋਤਾ ਅਤੇ ਵੱਸਣ ਦਾ ਪੁਤ੍ਰ ਸੀ. ਇਹ ਵਡਾ ਦਿਲੇਰ ਬਲੀ, ਕੱਦਾਵਰ ਅਤੇ ਸੁੰਦਰ ਜੁਆਨ ਸੀ. ਇਸ ਦੇ ਨਾਨਕੇ ਸਰਹਾਲੀ (ਜਿਲਾ ਅਮ੍ਰਿਤਸਰ) ਵਿੱਚ ਸਨ. ਇਸ ਨੂੰ ਚੋਰ ਧਾੜਵੀਆਂ ਦੀ ਸਗੰਤਿ ਤੋਂ ਚੋਰੀ ਅਤੇ ਡਾਕੇ ਦੀ ਬਾਣ ਪੈ ਗਈ, ਪਰ ਸਤਿਗੁਰੂ ਦੇ ਗੁਰਮੁਖ ਸਿੱਖ ਭਾਈ ਅਦਲੀ ਜੀ ਦੀ ਸੰਗਤਿ ਹੋਣ ਤੋਂ ਬਿਧੀਚੰਦ ਦਾ ਜੀਵਨ ਪਲਟਾ ਖਾ ਗਿਆ. ਪਿਛਲੇ ਕੁਕਰਮਾਂ ਤੇ ਪਛਤਾਵਾ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਿਆ ਅਤੇ ਕਰਣੀ ਵਾਲੇ ਸਿੱਖਾਂ ਵਿੱਚ ਇਸ ਦੀ ਗਿਣਤੀ ਹੋਈ.#ਕਾਬੁਲੀ ਸਿੱਖਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਜੀ ਅਰਥ ਲਿਆਂਦੇ ਘੋੜੇ, ਜੋ ਲਹੌਰ ਦੇ ਹਾਕਿਮ ਨੇ ਜਬਰਨ ਖੋਹ ਲਏ ਸਨ, ਉਨ੍ਹਾਂ ਨੂੰ ਭਾਈ ਬਿਧੀਚੰਦ ਵਡੀ ਚਤੁਰਾਈ ਨਾਲ ਲਾਹੌਰ ਦੇ ਕਿਲੇ ਤੋਂ ਲਿਆਇਆ ਸੀ, ਛੀਵੇਂ ਸਤਿਗੁਰੂ ਜੀ ਦੇ ਜੋ ਸ਼ਾਹੀਸੈਨਾ ਨਾਲ ਜੰਗ ਹੋਏ ਉਨ੍ਹਾਂ ਵਿੱਚ ਭਾਈ ਬਿਧੀਚੰਦ ਨੇ ਵਡੀ ਵੀਰਤਾ ਦਿਖਾਈ. ਧਰਮਪ੍ਰਚਾਰ ਕਰਨ ਵਿੱਚ ਭੀ ਇਹ ਕਿਸੇ ਸਿਖ ਤੋਂ ਘੱਟ ਨਹੀਂ ਸੀ.#ਕੀਰਤਪੁਰ ਨਿਵਾਸੀ ਸਾਈਂ ਬੁੱਢਣਸ਼ਾਹ ਅਤੇ ਉਸ ਦੇ ਚੇਲੇ ਸੁੰਦਰਸ਼ਾਹ ਨਾਲ, ਜੋ ਦੇਉਨਗਰ² ਦਾ ਵਸਨੀਕ ਸੀ, ਭਾਈ ਬਿਧੀਚੰਦ ਦਾ ਗਾੜ੍ਹਾ ਪ੍ਰੇਮ ਸੀ. ਸੁੰਦਰਸ਼ਾਹ ਨਾਲ ਭਾਈ ਸਾਹਿਬ ਦਾ ਬਚਨ ਸੀ ਕਿ ਅਸੀਂ ਦੋਵੇਂ ਇੱਕ ਸਮੇਂ ਅਤੇ ਇੱਕੇ ਥਾਂ ਸ਼ਰੀਰ ਛੱਡਾਂਗੇ, ਇਸ ਅਨੁਸਾਰ ਭਾਈ ਬਿਧੀਚੰਦ ਅਤੇ ਸਾਂਈਂ ਸੁੰਦਰਸ਼ਾਹ ਦਾ ਭਾਦੋਂ ਸੁਦੀ ੩. ਸੰਮਤ ੧੬੯੫ ਨੂੰ ਦੇਉਨਗਰ ਦੇਹਾਂਤ ਹੋਇਆ.³ ਦੋਹਾਂ ਦੀ ਸਮਾਧ ਅਤੇ ਕਬਰ ਹੁਣ ਇੱਕੇ ਥਾਂ ਦੇਖੀ ਜਾਂਦੀ ਹੈ. ਭਾਈ ਬਿਧੀਚੰਦ ਦੇ ਭਾਈ (ਉਧੀਚੰਦ) ਦੇ ਪੁਤ੍ਰ ਲਾਲਚੰਦ ਨੇ ਦੇਉਨਗਰ ਤੋਂ ਰਾਖ ਲਿਆਕੇ ਇੱਕ ਸਮਾਧ ਸੁਰਸਿੰਘ ਵਿੱਚ ਭੀ ਬਣਾ ਦਿੱਤੀ ਹੈ। ੨. ਦੇਖੋ, ਨਿਰੰਜਨੀਏ। ੩. ਭਾਈ ਮੂਲਚੰਦ ਦਾ ਤਾਇਆ, ਸਿਧੀਚੰਦ ਦਾ ਵਡਾ ਭਾਈ.
ਸਰੋਤ: ਮਹਾਨਕੋਸ਼